ਮਾਨ ਸਰਕਾਰ ਵੱਲੋਂ ਵਿਕਾਸ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਯਤਨ ਤੇਜ਼
ਪੰਜਾਬ ਨੂੰ ਬਿਹਤਰ ਸੂਬਾ ਬਣਾਉਣ ਲਈ ਸਪੱਸ਼ਟਤਾ ਅਤੇ ਸਮੇਂ ਸਿਰ ਅਮਲ ਜਰੂਰੀ
ਚੰਡੀਗੜ੍ਹ : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਕਾਸ ਪ੍ਰੋਜੈਕਟਾਂ ਦੇ ਤੇਜ਼ ਅਤੇ ਸਪੱਸ਼ਟ ਅਮਲ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਚਲਾਏ ਜਾ ਰਹੇ ਸਾਰੇ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਹੈ। ਪੁੱਡਾ ਅਤੇ ਗਮਾਡਾ ਦੀਆਂ ਚੱਲ ਰਹੀਆਂ ਵੱਖ-ਵੱਖ ਵਿਕਾਸ ਸਕੀਮਾਂ ਦੀ ਸਮੀਖਿਆ ਦੌਰਾਨ, ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਕਿ ਪੰਜਾਬ ਦੇ ਲੋਕਾਂ ਨੂੰ ਵਿਸ਼ਵ-ਪੱਧਰੀ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਸਮੀਖਿਆ ਮੀਟਿੰਗ ਦੌਰਾਨ, ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਮੁੱਖ ਤੌਰ ‘ਤੇ ਬਕਾਇਆ ਪਏ ਪ੍ਰੋਜੈਕਟਾਂ ਨੂੰ ਤਰਜੀਹ ਦੇਣ ਅਤੇ ਮੁਕੰਮਲ ਕਰਨ ਸਬੰਧੀ ਸਮੇਂ ਦੀਆਂ ਮਿਆਦਾਂ ‘ਤੇ ਪੂਰਾ ਉਤਰਣ ਦੀ ਹਿਦਾਇਤ ਵੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਮੁਕਤ ਅਤੇ ਬਿਹਤਰ ਪ੍ਰਬੰਧਨ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਸ਼ਹਿਰਾਂ ਵਿੱਚ ਚੱਲ ਰਹੇ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਵਿੱਚ ਕਿਸੇ ਵੀ ਲਾਪਰਵਾਹੀ ਜਾਂ ਦੇਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ।
ਹਫ਼ਤਾਵਾਰ ਪ੍ਰਗਤੀ ਦੀ ਸਮੀਖਿਆ ਅਤੇ ਸਾਈਟ ਇੰਸਪੈਕਸ਼ਨ :
ਜਵਾਬਦੇਹੀ ਸੁਨਿਸ਼ਚਿਤ ਕਰਨ ਲਈ, ਮੁੱਖ ਮੰਤਰੀ ਨੇ ਕਿਹਾ ਕਿ ਉਹ ਹਰ ਹਫ਼ਤੇ ਚੱਲ ਰਹੇ ਪ੍ਰੋਜੈਕਟਾਂ ਦੀ ਨਿੱਜੀ ਤੌਰ ‘ਤੇ ਸਮੀਖਿਆ ਕਰਨਗੇ। ਇਸਦੇ ਨਾਲ-ਨਾਲ, ਜ਼ਮੀਨੀ ਪੱਧਰ ‘ਤੇ ਪ੍ਰਗਤੀ ਦੀ ਪੁਸ਼ਟੀ ਕਰਨ ਲਈ ਮੌਕੇ ਤੇ ਨਿਰੀਖਣ (ਸਾਈਟ ਇੰਸਪੈਕਸ਼ਨ) ਵੀ ਕੀਤੇ ਜਾਣਗੇ। ਅਧਿਕਾਰੀਆਂ ਨੂੰ ਪੂਰੀ ਸਹੂਲਤ ਪ੍ਰਦਾਨ ਕਰਨ ਅਤੇ ਉਹਨਾਂ ਨੂੰ ਪ੍ਰੋਜੈਕਟਾਂ ਦੇ ਮੁਕੰਮਲ ਕਰਨ ਵਿੱਚ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ‘ਤੇ ਮੁੱਖ ਮੰਤਰੀ ਵੱਲੋਂ ਪੂਰੀ ਮੱਦਦ ਦੇਣ ਦਾ ਭਰੋਸਾ ਵੀ ਦਿੱਤਾ ਗਿਆ।
ਗੁਣਵੱਤਾ ਅਤੇ ਲਾਪਰਵਾਹੀ ‘ਤੇ ਹੋਵੇਗੀ ਸਖ਼ਤ ਕਾਰਵਾਈ :
ਮੁੱਖ ਮੰਤਰੀ ਨੇ ਇਨ੍ਹਾਂ ਵਿਕਾਸ ਕਾਰਜਾਂ ਵਿੱਚ ਉੱਚ ਗੁਣਵੱਤਾ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਵਿੱਚ ਵਰਤੀ ਜਾਣ ਵਾਲੇ ਸਮੱਗਰੀ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਹੋਣੀ ਚਾਹੀਦੀ। ਜੋ ਵੀ ਅਧਿਕਾਰੀ ਲਾਪਰਵਾਹੀ ਕਰਨਗੇ, ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।। ਪੰਜਾਬ ਦੀ ਸਰਕਾਰ ਦੀ ਸਪੱਸ਼ਟਤਾ ਦੇ ਨਾਲ ਵਚਨਬੱਧਤਾ ਨੂੰ ਉਜਾਗਰ ਕਰਦਿਆਂ, ਮੁੱਖ ਮੰਤਰੀ ਨੇ ਕਿਹਾ ਕਿ ਰਾਜ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਸਾਫ਼ ਅਤੇ ਜਵਾਬਦੇਹ ਪ੍ਰਬੰਧਨ ਕਾਇਮ ਕੀਤਾ ਗਿਆ ਹੈ ਜਿਸ ਦਾ ਮੁੱਖ ਮਕਸਦ ਹਰ ਨਾਗਰਿਕ ਨੂੰ ਬਿਹਤਰ ਸਹੂਲਤਾਂ ਅਤੇ ਬੁਨਿਆਦੀ ਢਾਂਚਾ ਪ੍ਰਦਾਨ ਕਰਨਾ ਹੈ।
ਇਸ ਮੀਟਿੰਗ ਵਿੱਚ ਵਿਭਾਗੀ ਇੰਜੀਨੀਅਰਾਂ ਨੇ ਆਪਣੇ-ਆਪਣੇ ਖੇਤਰਾਂ ਵਿੱਚ ਪ੍ਰੋਜੈਕਟਾਂ ਦੀ ਪ੍ਰਗਤੀ ਬਾਰੇ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ। ਇਹ ਵਿਸ਼ੇਸ਼ ਉਪਰਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੰਜਾਬ ਦੇ ਸ਼ਹਿਰੀ ਵਿਕਾਸ ਪ੍ਰਤੀ ਨਵਾਂ ਦ੍ਰਿਸ਼ਟੀਕੋਣ ਅਪਣਾਉਣ ਵੱਲ ਸੇਧਿਤ ਹਨ ਜਿਸ ਨਾਲ ਰਾਜ ਦੇ ਵਾਸ਼ਿੰਦਿਆਂ ਦੀ ਜਿੰਦਗੀ ਵਿੱਚ ਸੁਧਾਰ ਆਵੇਗਾ ਅਤੇ ਵਿਕਾਸ ਅਥਾਰਟੀਆਂ ਦੇ ਪ੍ਰਬੰਧਨ ਵਿੱਚ ਸਪੱਸ਼ਟਤਾ ਅਤੇ ਕੁਸ਼ਲਤਾ ਵਿੱਚ ਸੁਧਾਰ ਆਵੇਗਾ।