ਵੁਲਵਰਹੈਂਪਟਨ, 21 ਮਾਰਚ 2026 (ਪੰਜਾਬ ਖਬਰਨਾਮਾ ਬਿਊਰੋ): ਸਥਾਨਕ ਡਡਲੀ ਰੋਡ ਬਲੇਕਨਹਾਲ ਸਥਿਤ ਏਕ ਨਿਵਾਸ ਯੂਨੀਵਰਸਲ ਡਿਵਾਈਨ ਮੰਦਰ ਵਿਖੇ ਐਤਵਾਰ, 22 ਮਾਰਚ 2026 ਨੂੰ ਸਾਲਾਨਾ ‘ਚੇਤ ਚਲਾ ਮੇਲਾ’ ਅਧਿਆਤਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਕਰਵਾਇਆ ਜਾ ਰਿਹਾ ਹੈ। ਬਾਬਾ ਤਰਲੋਚਨ ਸਿੰਘ ਜੀ ਅਤੇ ਮਾਤਾ ਕਵਲਜੀਤ ਕੌਰ ਜੀ ਦੀ ਰਹਿਨੁਮਾਈ ਹੇਠ ਆਯੋਜਿਤ ਕੀਤੇ ਜਾ ਰਹੇ ਇਸ ਸਮਾਗਮ ਦੌਰਾਨ ਸਥਾਨਕ ਸਾਧ ਸੰਗਤ ਨੂੰ ਰਵਾਇਤੀ ਧਾਰਮਿਕ ਰਸਮਾਂ ਅਤੇ ਭਗਤੀ ਸੰਗੀਤ ਵਿੱਚ ਸ਼ਮੂਲੀਅਤ ਦਾ ਮੌਕਾ ਮਿਲੇਗਾ।
ਮੰਦਰ ਦੇ ਪ੍ਰਤਿਨਿਧੀਆਂ ਗੁਰਜੀਤ ਸਿੰਘ ਅਤੇ ਜੀਵਨ ਸਿੰਘ ਫਲੋਰਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਮਾਗਮ ਬਾਬਾ ਬਾਲਕ ਨਾਥ ਜੀ ਦੀ ਕਿਰਪਾ ਨਾਲ ਕਰਵਾਇਆ ਜਾ ਰਿਹਾ ਹੈ। ਇਸ ਧਾਰਮਿਕ ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ 11:00 ਵਜੇ ਰਵਾਇਤੀ ਆਰਤੀ ਨਾਲ ਹੋਵੇਗੀ ਜਿਸ ਤੋਂ ਬਾਅਦ 11:30 ਵਜੇ ਝੰਡੇ ਦੀ ਰਸਮ ਰਾਹੀਂ ਦਿਨ ਦੇ ਸਮਾਗਮਾਂ ਦੀ ਵਿਧੀਵਤ ਸ਼ੁਰੂਆਤ ਹੋਵੇਗੀ।
ਦੁਪਹਿਰ 12:00 ਵਜੇ ਤੋਂ ਸ਼ਾਮ 6:00 ਵਜੇ ਤੱਕ ਭਗਤੀਮਈ ਪ੍ਰੋਗਰਾਮਾਂ ਦੀ ਵਿਸਤ੍ਰਿਤ ਲੜੀ ਪੇਸ਼ ਕੀਤੀ ਜਾਵੇਗੀ ਜਿਸ ਦੌਰਾਨ ਪ੍ਰਸਿੱਧ ਬਰਤਾਨਵੀ ਗਾਇਕ ਅਤੇ ਕਲਾਕਾਰ ਭਜਨ ਭੇਟਾਂ ਪੇਸ਼ ਕਰਨਗੇ ਜਦਕਿ ਬਾਬਾ ਤਰਲੋਚਨ ਸਿੰਘ ਜੀ ਸੰਗਤ ਨੂੰ ਗੁਰਬਾਣੀ ਦੇ ਸ਼ਬਦਾਂ ਨਾਲ ਨਿਹਾਲ ਕਰਨਗੇ।
ਉਨ੍ਹਾਂ ਹੋਰ ਦੱਸਿਆ ਕਿ ਬਾਬਾ ਬਾਲਕ ਨਾਥ ਜੀ ਅਤੇ ਬਾਬਾ ਤਰਲੋਚਨ ਸਿੰਘ ਜੀ ਦੇ ਕਈ ਭਗਤ ਵੱਖ-ਵੱਖ ਦੇਸ਼ਾਂ ਤੋਂ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਹੁੰਚ ਚੁੱਕੇ ਹਨ। ਆਯੋਜਕਾਂ ਵੱਲੋਂ ਇੰਗਲੈਂਡ ਦੀ ਸਾਧ ਸੰਗਤ ਨੂੰ ਸਨਮਾਨ ਸਹਿਤ ਸੱਦਾ ਦਿੰਦਿਆਂ ਅਪੀਲ ਕੀਤੀ ਹੈ ਕਿ ਉਹ ਆਪਣੇ ਪਰਿਵਾਰਾਂ ਅਤੇ ਦੋਸਤਾਂ ਸਮੇਤ ਇਸ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ। ਇਹ ਸਾਲਾਨਾ ਮੇਲਾ ਆਤਮਿਕ ਸ਼ਰਧਾ, ਸਦਭਾਵਨਾ ਅਤੇ ਧਾਰਮਿਕ ਵਿਰਾਸਤ ਦੀ ਸੰਭਾਲ ਲਈ ਇਕ ਮਹੱਤਵਪੂਰਨ ਮੌਕੇ ਪ੍ਰਦਾਨ ਕਰਦਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।