ਭਾਜਪਾ ਆਗੂਆਂ ਨੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ
ਚੰਡੀਗੜ੍ਹ 10 ਜਨਵਰੀ (ਪੰਜਾਬ ਖਬਰਨਾਮਾ) ਦੇਸ਼ ਦੇ ਵੱਖ ਵੱਖ ਰਾਜਾਂ ਵਿੱਚ ਸ਼ਾਸਿਤ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਪੁਰਾਤਨ ਸਮਿਆਂ ਦੌਰਾਨ ਮੁਸਲਮਾਨ ਸ਼ਾਸਕਾਂ ਵੱਲੋਂ ਮੁਗਲ ਸਾਮਰਾਜ ਵੇਲੇ ਸ਼ਹਿਰਾਂ, ਰੇਲਵੇ ਸਟੇਸ਼ਨਾਂ ਤੇ ਹੋਰ ਮਹੱਤਵਪੂਰਨ ਥਾਵਾਂ ਦੇ ਰੱਖੇ ਨਾਵਾਂ ਨੂੰ ਬਦਲਣ ਲਈ ਜਾਰੀ ਕਾਰਵਾਈਆਂ ਦੌਰਾਨ ਪੰਜਾਬ ਦੀ ਭਾਜਪਾ ਵੀ ਪੰਜਾਬ ਦੇ ਸ਼ਹਿਰਾਂ ਦੇ ਨਾ ਬਦਲਾਉਣ ਲਈ ਤਰਲੋਮੱਛੀ ਹੋ ਰਹੀ ਹੈ।
ਇਸ ਸਬੰਧੀ ਭਾਜਪਾ ਆਗੂਆਂ ਨੇ ਮਲੇਰਕੋਟਲਾ ਜ਼ਿਲ੍ਹੇ ਦੇ ਕਸਬਾ ਮੰਡੀ ਅਹਿਮਦਗੜ੍ਹ ਦਾ ਨਾਮ ਬਦਲਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ 23 ਨਵੰਬਰ 2023 ਵਿੱਚ ਚਿੱਠੀ ਲਿਖ ਕੇ ਇਸ ਕਸਬੇ ਦਾ ਨਾਂ ਗੁਰਸੰਦੇਸ਼ਪੁਰ ਜਾਂ ਹੋਰ ਗੁਰੂਆਂ, ਪੀਰਾਂ ਦੇ ਨਾਂ ਤੇ ਰੱਖਣ ਲਈ ਬੇਨਤੀ ਕੀਤੀ ਹੈ।
ਪੰਜਾਬ ਭਾਜਪਾ ਪ੍ਰਦੇਸ਼ ਕਾਰਜ ਕਰਨੀ ਮੈਂਬਰ ਆਸ਼ੂਤੋਸ਼ ਵਿਨਾਇਕ ਅਤੇ ਅਹਿਮਦਗੜ੍ਹ ਇਕਾਈ ਦੇ ਮੰਡਲ ਪ੍ਰਧਾਨ ਅਵਤਾਰ ਸਿੰਘ ਵੜਿੰਗ ਨੇ ਲਿਖਿਆ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅਹਿਮਦਗੜ੍ਹ ਦਾ ਨਾਮ ਵਿਦੇਸ਼ੀ ਹਮਲਾਵਰ ਅਹਿਮਦ ਸ਼ਾਹ ਅਬਦਾਲੀ ਤੇ ਨਾਮ ਉੱਪਰ ਰੱਖਿਆ ਗਿਆ ਸੀ ਜੋ ਸਾਨੂੰ ਸ਼ਹਿਰ ਨਿਵਾਸੀਆਂ ਨੂੰ ਬਾਰ-ਬਾਰ ਉਸ ਹਮਲਾਵਰ ਦੀ ਯਾਦ ਦਿਵਾਉਂਦਾ ਹੈ ਜਿਸ ਨੇ ਅੱਠ ਵਾਰ ਭਾਰਤ ਦੀ ਧਰਤੀ ਤੇ ਹਮਲਾ ਕੀਤਾ ਸੀ।
ਉਹਨਾਂ ਨੇ ਇਸ ਪੱਤਰ ਵਿੱਚ ਮੰਗ ਕੀਤੀ ਹੈ ਕਿ ਇਸ ਹਮਲਾਵਰ ਦੇ ਨਾਮ ਤੋਂ ਸਾਡੇ ਸ਼ਹਿਰ ਨੂੰ ਮੁਕਤ ਕਰਵਾ ਕੇ ਗੁਰੂਆਂ ਦੇ ਸੰਦੇਸ਼ ਨਾਲ ਜੋੜਿਆ ਜਾਵੇ ਅਤੇ ਇਸ ਦਾ ਨਾਮ ਗੁਰਸੰਦੇਸ਼ਪੁਰ ਕਰ ਦਿੱਤਾ ਜਾਵੇ ਜਾਂ ਗੁਰੂਆਂ ਦੇ ਕਿਸੇ ਹੋਰ ਨਾਮ ਉੱਪਰ ਰੱਖਿਆ ਜਾਵੇ।
ਇਸੇ ਦੌਰਾਨ ਇਸ ਕਾਰਵਾਈ ਦਾ ਕੁਝ ਸਮਾਜ ਸੇਵਕਾਂ ਅਤੇਬੁੱਧੀਜੀਵੀਆਂ ਵੱਲੋਂ ਵਿਰੋਧ ਹੋਣਾ ਵੀ ਸ਼ੁਰੂ ਹੋ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਅਹਿਮਦਗੜ੍ਹ ਕਸਬੇ ਦਾ ਨਾਮ ਮਲੇਰਕੋਟਲਾ ਦੇ ਨਵਾਬ ਅਹਿਮਦ ਅਲੀ ਖਾਂ ਨੇ ਸਾਲ 1905 ਵਿੱਚ ਰੱਖਿਆ ਸੀ। ਇਤਿਹਾਸਕਾਰਾਂ ਮੁਤਾਬਕ ਇਸ ਮੰਡੀ ਨੂੰ ਪਾਕਿਸਤਾਨ ਤੇ ਫੈਸਲਾਬਾਦ ਜ਼ਿਲ੍ਹੇ ਵਿੱਚ ਪੈਂਦੇ ਲਾਇਲਪੁਰ ਕਸਬੇ ਦੀ ਤਰਜ ਤੇ ਵਸਾਇਆ ਗਿਆ ਸੀ। ਇਸ ਕਸਬੇ ਦੇ ਆਲੇ ਦੁਆਲੇ ਪੱਕੀ ਦੀਵਾਰ ਹੁੰਦੀ ਸੀ ਅਤੇ ਇਸ ਦੇ ਚਾਰ ਮਹੱਲਿਆਂ ਨੂੰ ਸਿਰਫ ਦੋ ਗੇਟਾਂ ਰਾਹੀਂ ਹੀ ਐਂਟਰੀ ਹੋ ਸਕਦੀ ਸੀ। ਲਾਗਲੇ ਪਿੰਡ ਧੂਰਕੋਟ ਦੇ ਧਾਰੀਵਾਲ ਪਰਿਵਾਰ ਵੱਲੋਂ ਸਾਲ 1905 ਵਿੱਚ ਮਲੇਰਕੋਟਲਾ ਦੇ ਨਵਾਬ ਅਹਿਮਦ ਅਲੀ ਖਾਂ ਨਾਲ ਗੱਲਬਾਤ ਕਰਕੇ ਅਹਿਮਦਗੜ ਦਾ ਰੇਲਵੇ ਸਟੇਸ਼ਨ ਬਣਾਉਣ ਲਈ ਆਪਣੀ ਜਮੀਨ ਦਿੱਤੀ ਸੀ। ਇਸ ਕਰਕੇ ਇਹ ਸ਼ਹਿਰ ਕਿਸੇ ਅਹਿਮਦ ਸ਼ਾਹ ਅਬਦਾਲੀ ਵੱਲੋਂ ਨਹੀਂ ਵਸਾਇਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਇਤਿਹਾਸ ਪੱਖੋਂ ਕੋਰੇ ਅਜਿਹੇ ਕੱਚਘਰੜ ਆਗੂਆਂ ਨੂੰ ਪੰਜਾਬ ਵਿੱਚ ਅਮਨ, ਸ਼ਾਂਤੀ ਅਤੇ ਸਦਭਾਵਨਾ ਦੇ ਮਾਹੌਲ ਨੂੰ ਨਹੀਂ ਛੇੜਨਾ ਚਾਹੀਦਾ।
