ਅਕਾਲੀ ਦਲ (ਸੰਯੁਕਤ) ਦੀ ਮੀਟਿੰਗ ਵਿੱਚ ਲਿਆ ਰਲੇਵੇਂ ਦਾ ਫੈਸਲਾ
ਚੰਡੀਗੜ੍ਹ 4 ਮਾਰਚ (ਪੰਜਾਬੀ ਖਬਰਨਾਮਾ) ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਬਾਨੀ ਸੁਖਦੇਵ ਸਿੰਘ ਢੀਂਡਸਾ, ਸਾਬਕਾ ਕੇਂਦਰੀ ਮੰਤਰੀ ਕਰੀਬ 4 ਸਾਲਾਂ ਬਾਅਦ ਮੁੜ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਵਾਪਸੀ ਕਰ ਰਹੇ ਹਨ। ਸੂਤਰਾਂ ਅਨੁਸਾਰ ਮੰਗਲਵਾਰ 6 ਮਾਰਚ ਨੂੰ ਦੋਵਾਂ ਦਲਾਂ ਦੇ ਸੀਨੀਅਰ ਆਗੂ ਇਸ ਰਲੇਵੇਂ ਲਈ ਚੰਡੀਗੜ੍ਹ ਵਿੱਚ ਸਾਂਝੀ ਮੀਟਿੰਗ ਦੌਰਾਨ ਇਹ ਐਲਾਨ ਕਰ ਸਕਦੇ ਹਨ।
ਸੂਤਰਾਂ ਅਨੁਸਾਰ ਸੁਲ੍ਹਾ-ਸਫਾਈ ਲਈ ਢੀਂਡਸਾ ਦੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਮੰਤਰੀ ਨੇ ਇਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸ਼੍ਰੋਮਣੀ ਅਕਾਲੀ ਦਲ ਵੀ ਢੀਂਡਸਾ ਧੜੇ ਦੀ ਲੀਡਰਸ਼ਿਪ ਨੂੰ ਢੁਕਵੇਂ ਢੰਗ ਨਾਲ ਮਾਣ ਸਨਮਾਨ ਦੇ ਅਹੁਦੇ ਦੇਣ ਦਾ ਵਾਅਦਾ ਕਰ ਚੁੱਕਾ ਹੈ। ਸੂਤਰਾਂ ਨੇ ਦੱਸਿਆ ਕਿ ਪਾਰਟੀ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਰਪ੍ਰਸਤ ਨਾਮਜ਼ਦ ਕਰ ਸਕਦੀ ਹੈ ਅਤੇ ਲੋਕ ਸਭਾ ਚੋਣਾਂ ਪਿੱਛੋਂ ਪਾਰਟੀ ਦਾ ਸਮੁੱਚਾ ਢਾਂਚਾ ਭੰਗ ਕਰਕੇ ਦੁਬਾਰਾ ਅਹੁਦੇਦਾਰ ਐਲਾਨੇ ਜਾਣਗੇ ਤਾਂ ਜੋ ਢੀਂਡਸਾ ਧੜੇ ਨੂੰ ਵੀ ਪੂਰੀ ਨੂਮਾਇੰਦਗੀ ਮਿਲ ਸਕੇ।
ਯਾਦ ਰਹੇ ਕਿ ਹਾਲ ਹੀ ਵਿੱਚ ਅਕਾਲੀ ਦਲ ਦੇ 103ਵੇਂ ਸਥਾਪਨਾ ਦਿਵਸ ਮੌਕੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਨਾਰਾਜ਼ ਅਕਾਲੀ ਆਗੂਆਂ ਨੂੰ ਵਾਪਸ ਆਉਣ ਦੀ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਸੁਖਦੇਵ ਢੀਂਡਸਾ ਨੇ ਇਸ਼ਾਰਾ ਕੀਤਾ ਸੀ ਕਿ ਉਹ ਦਲ ਵਿੱਚ ਮੁੜ ਵਾਪਸੀ ਕਰ ਸਕਦੇ ਹਨ।
ਰਲੇਵੇਂ ਦੀ ਇਹ ਕੋਸ਼ਿਸ਼ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਵੱਲੋਂ ਸਾਲ 2015 ਵਿੱਚ ਵਾਪਰੇ ਬੇਅਦਬੀ ਕਾਂਡ ਲਈ ਮੁਆਫ਼ੀ ਮੰਗਣ ਤੋਂ ਬਾਅਦ ਸ਼ੁਰੂ ਹੋਈ। ਉਸੇ ਦਿਨ ਸੁਖਬੀਰ ਨੇ ਸਾਰੇ ਅਕਾਲੀ ਧੜਿਆਂ ਨੂੰ ‘ਪੰਥਕ’ ਏਕਤਾ ਲਈ ਇਕਜੁੱਟ ਹੋਣ ਦੀ ਅਪੀਲ ਵੀ ਕੀਤੀ ਸੀ।
ਇਸ ਉਪਰੰਤ ਢੀਂਡਸਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਨੇ ਅਕਾਲੀ ਦਲ ਵਿੱਚ ਰਲੇਵੇਂ ਨੂੰ ਅੰਤਿਮ ਰੂਪ ਦੇਣ ਲਈ ਇੱਕ ਕਮੇਟੀ ਬਣਾਈ ਜਿਸਨੇ ਸਮੂਹ ਜ਼ਿਲ੍ਹਿਆਂ ਦੇ ਨੇਤਾਵਾਂ ਤੇ ਵਰਕਰਾਂ ਦੀ ਰਾਏ ਲੈ ਕੇ ਪਾਰਟੀ ਪ੍ਰਧਾਨ ਨੂੰ ਆਪਣੀ ਰਿਪੋਰਟ ਦਿੱਤੀ। ਇਹ ਰਿਪੋਰਟ ਆਉਣ ਪਿੱਛੋਂ ਅੱਜ ਸੋਮਵਾਰ ਨੂੰ ਅਕਾਲੀ ਦਲ (ਯੂਨਾਈਟਿਡ) ਦੀ ਮੀਟਿੰਗ ਦੌਰਾਨ ਪਾਰਟੀ ਆਗੂਆਂ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਇਸ ਮਾਮਲੇ ਵਿੱਚ ਅੰਤਿਮ ਫੈਸਲਾ ਲੈਣ ਦਾ ਅਧਿਕਾਰ ਦੇ ਦਿੱਤਾ ਹੈ।
ਢੀਂਡਸਾ ਨੇ ਸਾਲ 2018 ‘ਚ ਬਣਾਈ ਸੀ ਵੱਖਰੀ ਪਾਰਟੀ
ਢੀਂਡਸਾ ਨੇ ਸਾਲ 2018 ‘ਚ ਪਾਰਟੀ ਦੀ ਸੂਬੇ ਵਿੱਚ ਹੋਈ ਹਾਰ ‘ਤੇ ਸੁਖਬੀਰ ਬਾਦਲ ਦੇ ਅਸਤੀਫੇ ਦੀ ਮੰਗ ਕਰਦਿਆਂ ਅਕਾਲੀ ਦਲ ਨਾਲੋਂ ਨਾਤਾ ਤੋੜ ਲਿਆ ਸੀ। ਬਾਅਦ ਵਿੱਚ ਉਨਾਂ ਆਪਣੀ ਵੱਖਰੀ ਪਾਰਟੀ ਬਣਾ ਲਈ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਗਠਜੋੜ ਕਰਕੇ ਚੋਣਾਂ ਲੜੀਆਂ ਜਦੋਂ ਕਿ ਬਾਦਲਾਂ ਨੇ ਭਾਜਪਾ ਨਾਲ ਆਪਣਾ ਗਠਜੋੜ ਖਤਮ ਕਰ ਦਿੱਤਾ ਸੀ।
ਇਸ ਪਿੱਛੋਂ ਸੁਖਦੇਵ ਢੀਂਡਸਾ ਨੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨਾਲ ਸਬੰਧ ਮਜ਼ਬੂਤ ਕੀਤੇ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਉਨ੍ਹਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸੀ ਵਿਰਾਸਤ ਦਾ ਵਾਰਸ ਦੱਸਿਆ ਸੀ।
ਬੀਬੀ ਜਗੀਰ ਕੌਰ ਵੀ ਕਰ ਸਕਦੀ ਹੈ ਅਕਾਲੀ ਦਲ ਵਿੱਚ ਵਾਪਸੀ
ਸੰਯੁਕਤ ਅਕਾਲੀ ਦਲ ਦੇ ਇਸ ਰਲੇਵੇਂ ਤੋਂ ਬਾਅਦ ਸੰਭਾਵਨਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਤੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਰਹੀ ਬੀਬੀ ਜਗੀਰ ਕੌਰ ਵੀ ਅਕਾਲੀ ਦਲ ਵਿੱਚ ਵਾਪਸੀ ਕਰ ਸਕਦੀ ਹੈ ਕਿਉਂਕਿ ਉਹ ਅਕਾਲੀ ਦਲ ਵੱਲੋਂ ਪਾਰਟੀ ਵਿੱਚੋਂ ਕੱਢੇ ਜਾਣ ਤੋਂ ਬਾਅਦ ਸੁਖਦੇਵ ਢੀਂਡਸਾ ਦੇ ਕਾਫੀ ਨੇੜੇ ਹੋ ਕੇ ਸਰਗਰਮੀਆਂ ਕਰਦੀ ਰਹੀ ਹੈ। ਬੀਬੀ ਜਗੀਰ ਕੌਰ ਕਈ ਵਾਰ ਸਪਸ਼ਟ ਕਰ ਚੁੱਕੀ ਹੈ ਕਿ ਉਸ ਨੇ ਅਕਾਲੀ ਦਲ ਨਹੀਂ ਛੱਡਿਆ ਸਗੋਂ ਉਸ ਨੂੰ ਕੱਢਿਆ ਗਿਆ ਹੈ।