ਧਰਮ ਪਰਿਵਰਤਨ ਕਰਨ ਚੁੱਕੇ ਸਿੱਖਾਂ ਦੀ ਘਰ-ਵਾਪਸੀ ਲਈ ਯਤਨ ਜਾਰੀ ਰਹਿਣਗੇ : ਇੰਦਰਜੀਤ ਸਿੰਘ ਛੋਟੂ
ਭਿਲਾਈ (ਛੱਤੀਸਗੜ੍ਹ) 22 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ) : ਸਿੱਖ ਯੁਵਾ ਸੇਵਾ ਸਮਿਤੀ ਭਿਲਾਈ, ਛੱਤੀਸਗੜ੍ਹ ਦੇ ਪ੍ਰਧਾਨ ਇੰਦਰਜੀਤ ਸਿੰਘ ਛੋਟੂ, ਸਥਾਨਕ ਗੁਰੂਦੁਆਰਾ ਹਰਗੋਬਿੰਦ ਸਾਹਿਬ ਕੈਂਪ-2 ਦੇ ਪ੍ਰਧਾਨ ਇੰਦਰਜੀਤ ਸਿੰਘ ਚਾਵਲਾ, ਛੱਤੀਸਗੜ੍ਹ ਸਿੱਖ ਪੰਚਾਇਤ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਕੂਕਾ ਸਿੰਘ ਦੀ ਅਗਵਾਈ ਵਿਚ ਅਤੇ ਸਤਿਸੰਗ ਜੱਥਾ ਕੈਂਪ-1 ਅਤੇ 2 ਦੀ ਮੌਜੂਦਗੀ ਵਿੱਚ ਗੁਰਦੁਆਰਾ ਹਰਗੋਬਿੰਦ ਸਾਹਿਬ ਜੀ ਕੈਂਪ-2 ਵਿਖੇ ਇਕ ਪਰਿਵਾਰ ਦੇ ਤਿੰਨ ਜੀਆਂ ਨੇ ਸਿੱਖ ਧਰਮ ਅਤੇ ਮਨੁੱਖਤਾ ਦੀ ਸੇਵਾ ਦੇ ਸਿਧਾਂਤਾਂ ਤੋਂ ਪ੍ਰਭਾਵਿਤ ਹੋ ਕੇ ਮੁੜ੍ਹ ਸਿੱਖ ਧਰਮ ਅਪਣਾਇਆ ਜਿਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਕਿਸੇ ਪਰਿਵਾਰਕ ਹਾਲਾਤ ਕਾਰਨ ਜਾਂ ਲਾਲਚ ਕਾਰਨ ਆਪਣਾ ਧਰਮ ਬਦਲ ਲਿਆ ਸੀ।
ਇਸ ਮੌਕੇ ਸਿੱਖ ਯੁਵਾ ਸੇਵਾ ਸਮਿਤੀ ਦੇ ਖਜ਼ਾਨਚੀ ਮਲਕੀਤ ਸਿੰਘ, ਜਨਰਲ ਸਕੱਤਰ ਜਸਵੰਤ ਸਿੰਘ ਸੈਣੀ ਅਤੇ ਗੁਰੂਦੁਆਰਾ ਸਾਹਿਬ ਕੈਂਪ-2 ਦੇ ਸਕੱਤਰ ਹਰਪਾਲ ਸਿੰਘ ਹੈਪੀ ਨੇ ਦੱਸਿਆ ਕਿ ਅੱਜ ਰਾਗੀ ਕਮਲਜੀਤ ਸਿੰਘ ਦੁਆਰਾ ਕੀਰਤਨ ਅਤੇ ਗ੍ਰੰਥੀ ਸਤਵਿੰਦਰ ਸਿੰਘ ਦੁਆਰਾ ਅਰਦਾਸ ਤੇ ਹੁਕਮਨਾਮੇ ਉਪਰੰਤ ਇਨ੍ਹਾਂ ਸਾਰੇ ਵਿਅਕਤੀਆਂ ਨੂੰ ਸਿਰੋਪਾਓ ਭੇਟ ਕਰਕੇ ਘਰ ਵਾਪਸੀ ਕਰਵਾਈ।
‘ਮਾਨਵ ਸੇਵਾ, ਮਾਧਵ ਸੇਵਾ’ ਮਿਸ਼ਨ ਅਧੀਨ ਇਸ ਉਚੇਚੇ ਕਾਰਜ ਲਈ ਭਿਲਾਈ ਦੇ ਮੋਹਤਬਰ ਵਿਅਕਤੀਆਂ ਨੇ ਸਿੱਖ ਯੁਵਾ ਸੇਵਾ ਸਮਿਤੀ ਅਤੇ ਸਰਵ ਸਮਾਜ ਕਲਿਆਣ ਸੇਵਾ ਸੰਮਤੀ ਦੇ ਪ੍ਰਧਾਨ ਇੰਦਰਜੀਤ ਸਿੰਘ ਛੋਟੂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਬੋਲਦਿਆਂ ਇੰਦਰਜੀਤ ਛੋਟੂ ਨੇ ਆਖਿਆ ਕਿ ਧਰਮ ਪਰਿਵਰਤਨ ਕਰਨ ਵਾਲੇ ਸਾਰੇ ਸਿੱਖਾਂ ਦੀ ਘਰ-ਵਾਪਸੀ ਲਈ ਪੂਰੇ ਯਤਨ ਕੀਤੇ ਜਾਣਗੇ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਅਤੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿੱਖ ਭਾਈਚਾਰੇ ਦੀ ਸਹਾਇਤਾ ਨਾਲ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਭਿਲਾਈ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਮੂਹ ਅਹੁਦੇਦਾਰਾਂ ਨੇ ਇੰਦਰਜੀਤ ਸਿੰਘ ਛੋਟੂ ਨੂੰ ਇਸ ਸ਼ਲਾਘਾਯੋਗ ਯਤਨ ਲਈ ਇਸ ਸਰਬੱਤ ਦੇ ਭਲੇ ਦੀ ਕੋਸ਼ਿਸ਼ ਲਈ ਸਨਮਾਨਤ ਕੀਤਾ ਅਤੇ ਵਧਾਈ ਵੀ ਦਿੱਤੀ।
ਇਸ ਘਰ ਵਾਪਸੀ ਪ੍ਰੋਗਰਾਮ ਵਿੱਚ ਹੋਰਨਾਂ ਤੋਂ ਇਲਾਵਾ ਮੀਤ ਪ੍ਰਧਾਨ ਗੁਲਵਿੰਦਰ ਸਿੰਘ, ਅਜੀਤ ਸਿੰਘ ਕਾਲੇ, ਗੁਰਮੀਤ ਸਿੰਘ ਗੀਤਾ, ਕੁਲਵਿੰਦਰ ਸਿੰਘ, ਅਮਰਜੀਤ ਸਿੰਘ, ਨੇਤਰਪਾਲ ਸਿੰਘ, ਵਰਿਆਮ ਸਿੰਘ, ਸੁਨੀਲ ਸਿੰਘ ਮਹਿਰਾ, ਨਿਰਮਲਜੀਤ ਸਿੰਘ, ਹਰਨੇਕ ਸਿੰਘ ਸੈਣੀ, ਇਸਤਰੀ ਸਤਿਸੰਗ ਕੈਂਪ-1 ਅਤੇ 2 ਦੀਆਂ ਪਧਾਨ ਅਤੇ ਹੋਰ ਸ਼ਖ਼ਸੀਅਤਾਂ ਨੇ ਵੀ ਹਾਜ਼ਰੀ ਭਰੀ।
