ਹੈਦਰਾਬਾਦ, 18 ਨਵੰਬਰ, 2025 (ਪੰਜਾਬੀ ਖਬਰਨਾਮਾ ਬਿਊਰੋ) – ਹੈਦਰਾਬਾਦ ਜ਼ਿਲ੍ਹਾ ਗੱਤਕਾ ਚੈਂਪੀਅਨਸ਼ਿਪ ਜ਼ਬਰਦਸਤ ਪ੍ਰਦਰਸ਼ਨ ਅਤੇ ਉਤਸ਼ਾਹ ਨਾਲ ਸਮਾਪਤ ਹੋਈ ਜਿਸ ਨਾਲ ਜਿਲ੍ਹੇ ਦੀ ਗੱਤਕਾ ਟੀਮ ਨੂੰ ਅਗਲੇ ਮਹੀਨੇ ਮਹਿਬੂਬਾਬਾਦ ਵਿੱਚ ਹੋਣ ਵਾਲੀਆਂ 69ਵੀਆਂ ਤੇਲੰਗਾਨਾ ਰਾਜ ਸਕੂਲ ਖੇਡਾਂ ਦੌਰਾਨ ਰਾਜ ਪੱਧਰੀ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਮੰਚ ਤਿਆਰ ਹੋਇਆ। ਇਸ ਸਮਾਗਮ ਨੂੰ ਨੌਜਵਾਨ ਗੱਤਕਾਬਾਜਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਜੋ ਤੇਲੰਗਾਨਾ ਵਿੱਚ ਗੱਤਕੇ ਦੇ ਨਿਰੰਤਰ ਵਿਕਾਸ ਨੂੰ ਦਰਸਾਉਂਦਾ ਹੈ।
ਤੇਲੰਗਾਨਾ ਗੱਤਕਾ ਐਸੋਸੀਏਸ਼ਨ (ਟੀਜੀਏ) ਪਿਛਲੇ ਤਿੰਨ ਸਾਲਾਂ ਤੋਂ ਰਾਜ ਭਰ ਵਿੱਚ ਗੱਤਕਾ ਟੂਰਨਾਮੈਂਟ ਆਯੋਜਿਤ ਕਰ ਰਹੀ ਹੈ। ਇਸ ਖੇਡ ਦਾ ਨਿਰੰਤਰ ਵਿਸਥਾਰ ਦਰਸਾਉਂਦਾ ਹੈ ਕਿ ਇਹ ਰਵਾਇਤੀ ਮਾਰਸ਼ਲ ਆਰਟ, ਜੋ ਹੁਣ ਇੱਕ ਮੁਕਾਬਲੇ ਵਾਲੀ ਖੇਡ ਵਜੋਂ ਮਾਨਤਾ ਪ੍ਰਾਪਤ ਹੈ, ਸਕੂਲੀ ਬੱਚਿਆਂ ਅਤੇ ਉਭਰਦੇ ਐਥਲੀਟਾਂ ਦਾ ਧਿਆਨ ਵੱਡੇ ਪੱਧਰ ਤੇ ਆਕਰਸ਼ਿਤ ਕਰ ਰਹੀ ਹੈ।
ਟੀਜੀਏ ਦੇ ਜਨਰਲ ਸਕੱਤਰ ਵਿਸ਼ਾਲ ਸਿੰਘ ਨੇ ਦੱਸਿਆ ਕਿ ਤੇਲੰਗਾਨਾ ਰਾਜ ਗੱਤਕਾ ਸੰਸਥਾ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਤੋਂ ਮਾਨਤਾ ਪ੍ਰਾਪਤ ਹੈ ਜਿਸ ਦੇ ਵੱਡੇ ਯਤਨਾਂ ਸਦਕਾ ਗੱਤਕੇ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪਲੇਟਫਾਰਮਾਂ ‘ਤੇ ਇੱਕ ਮਜ਼ਬੂਤ ​​ਮੌਜੂਦਗੀ ਸਥਾਪਤ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਤੇਲੰਗਾਨਾ ਦੇ ਖਿਡਾਰੀ ਹਰ ਸਾਲ ਰਾਸ਼ਟਰੀ ਮੁਕਾਬਲਿਆਂ ਵਿੱਚ ਤਗਮੇ ਜਿੱਤ ਕੇ ਰਾਜ ਦਾ ਨਾਮ ਰੌਸ਼ਨ ਕਰ ਰਹੇ ਹਨ। ਉਨ੍ਹਾਂ ਮਾਪਿਆਂ ਅਤੇ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਗੱਤਕਾ ਖਿਡਾਰੀਆਂ ਦਾ ਸਮਰਥਨ ਕਰਦੇ ਰਹਿਣ ਤਾਂ ਜੋ ਉਹ ਵਿਸ਼ਵਾਸ ਨਾਲ ਇਸ ਖੇਡ ਨੂੰ ਅੱਗੇ ਵਧਾ ਸਕਣ।
ਹੈਦਰਾਬਾਦ ਦਾ ਇਹ ਜ਼ਿਲ੍ਹਾ ਟੂਰਨਾਮੈਂਟ 14 ਅਤੇ 15 ਨਵੰਬਰ ਨੂੰ ਅਫਜ਼ਲਗੰਜ ਦੇ ਅਸ਼ੋਕ ਬਾਜ਼ਾਰ ਵਿੱਚ ਸਥਿਤ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿੱਚ ਸੰਪੰਨ ਹੋਇਆ ਜਿੱਥੇ ਨੌਂ ਸਕੂਲਾਂ ਦੇ ਕੁੱਲ 105 ਖਿਡਾਰੀਆਂ ਨੇ ਉਤਸ਼ਾਹ ਅਤੇ ਅਨੁਸ਼ਾਸਨ ਨਾਲ ਮੁਕਾਬਲਾ ਕੀਤਾ ਅਤੇ ਆਪਣੇ ਹੁਨਰ ਦਾ ਜੀਵੰਤ ਪ੍ਰਦਰਸ਼ਨ ਕੀਤਾ। ਇਹ ਸਮਾਗਮ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਅਫਜ਼ਲਗੰਜ ਅਤੇ ਗੁਰੂ ਹਰਕ੍ਰਿਸ਼ਨ ਹਾਈ ਸਕੂਲ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਰਾਜ ਸਿੱਖਿਆ ਵਿਭਾਗ ਦੇ ਸੁਪਰਵਾਈਜ਼ਰਾਂ ਪੀਡੀ ਵੈਂਕਟ ਸਵਾਮੀ ਅਤੇ ਪੀਡੀ ਰਾਜੇਂਦਰ ਰਾਜ ਨੇ ਮੁਕਾਬਲੇ ਦੇ ਸੁਚਾਰੂ ਸੰਚਾਲਨ ਦੀ ਨਿਗਰਾਨੀ ਕੀਤੀ।
ਵਿਸ਼ਾਲ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸ਼੍ਰੀ ਗੁਰੂ ਹਰਕ੍ਰਿਸ਼ਨ ਹਾਈ ਸਕੂਲ ਦੀ ਪ੍ਰਿੰਸੀਪਲ ਅਮਰਜੀਤ ਕੌਰ ਬੱਗਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵਿੰਦਰ ਸਿੰਘ ਬੱਗਾ, ਜਨਰਲ ਸਕੱਤਰ ਜੋਗਿੰਦਰ ਸਿੰਘ ਮੁਜਰਾਲ, ਟੀਜੀਏ ਦੇ ਪ੍ਰਧਾਨ ਸੁਖਦੇਵ ਸਿੰਘ ਸ਼ੰਟੂ, ਜਨਰਲ ਸਕੱਤਰ ਵਿਸ਼ਾਲ ਸਿੰਘ, ਸਕੱਤਰ ਹਰਮੇਸ਼ ਸਿੰਘ ਰੰਜਨ, ਮੈਂਬਰ ਜਗਜੀਵਨ ਸਿੰਘ, ਹੈਦਰਾਬਾਦ ਜ਼ਿਲ੍ਹਾ ਕਮੇਟੀ ਦੇ ਪ੍ਰਧਾਨ ਸੰਦੀਪ ਸਿੰਘ ਅਤੇ ਸਟੇਟ ਕੋਆਰਡੀਨੇਟਰ ਜਸਬੀਰ ਸਿੰਘ ਸਮੇਤ ਕਈ ਪਤਵੰਤੇ ਸ਼ਾਮਲ ਹੋਏ।
ਮੁੱਖ ਕੋਚ ਗੁਰਵਿੰਦਰ ਸਿੰਘ ਦਰੋਗਾ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਈ। ਤਕਨੀਕੀ ਨਿਰਦੇਸ਼ਕ ਨਾਨਕ ਸਿੰਘ ਅਤੇ ਤਕਨੀਕੀ ਟੀਮ ਵਿੱਚ ਗੁਰਨਾਮ ਸਿੰਘ, ਸਤਪ੍ਰੀਤ ਕੌਰ, ਪਰਮੀਤ ਕੌਰ, ਹਰਭਜਨ ਸਿੰਘ, ਰਸ਼ਬਜੀਤ ਸਿੰਘ, ਸਤਵੰਤ ਸਿੰਘ, ਜਗਦੀਪ ਸਿੰਘ, ਜਗਤ ਸਿੰਘ, ਗੁਰਤੇਰਾ ਸਿੰਘ, ਰਮਨਦੀਪ ਕੌਰ, ਦੀਪ ਕੌਰ, ਅੰਗਦ ਸਿੰਘ ਅਤੇ ਰਮਨਪ੍ਰੀਤ ਸਿੰਘ ਨੇ ਪੂਰੇ ਮੁਕਾਬਲੇ ਦੌਰਾਨ ਨਿਰਪੱਖ ਅਤੇ ਪਾਰਦਰਸ਼ੀ ਨਿਰਣਿਆਂ ਨੂੰ ਯਕੀਨੀ ਬਣਾਇਆ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।