ਬਠਿੰਡਾ, 30 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਪੰਜਾਬ ਨੂੰ ਭਿਖਾਰੀਆਂ ਤੋਂ ਮੁਕਤ ਬਣਾਉਣ ਲਈ ਸ਼ੁਰੂ ਕੀਤੀ ਮੁਹਿੰਮ ਜੀਵਨਜੋਤ-2 ਤਹਿਤ ਮੰਗਲਵਾਰ ਨੂੰ ਸੂਬੇ ਦੇ 20 ਜ਼ਿਲ੍ਹਿਆਂ ’ਚ ਛਾਪੇਮਾਰੀ ਕੀਤੀ। ਪੁਲਿਸ ਨੇ ਬਠਿੰਡਾ ’ਚ ਆਪਣੇ ਬੱਚਿਆਂ ਤੋਂ ਭੀਖ ਮੰਗਵਾ ਰਹੇ ਦੋ ਜੋੜਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਤੋਂ ਪਹਿਲਾਂ 14 ਜੁਲਾਈ ਨੂੰ ਅੰਮ੍ਰਿਤਸਰ ’ਚ ਪਹਿਲਾ ਮਾਮਲਾ ਦਰਜ ਕੀਤਾ ਗਿਆ ਸੀ। ਮੰਗਲਵਾਰ ਨੂੰ ਛਾਪੇਮਾਰੀ ਦੌਰਾਨ ਪੰਜ ਬੱਚਿਆਂ ਨੂੰ ਬਚਾਇਆ ਗਿਆ। ਹੁਣ ਤੱਕ ਇਸ ਮੁਹਿੰਮ ਤਹਿਤ ਸੂਬੇ ’ਚ 208 ਬੱਚਿਆਂ ਨੂੰ ਬਚਾਇਆ ਜਾ ਚੁੱਕਿਆ ਹੈ।

ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਭੀਖ ਮੰਗਦੇ ਬੱਚਿਆਂ ਨੂੰ ਸੜਕਾਂ ਤੋਂ ਚੁੱਕ ਕੇ ਸਕੂਲ ਜਾਂ ਬਾਲ ਗ੍ਰਿਹ ਤੱਕ ਪਹੁੰਚਾਉਣਾ ਹੀ ਜੀਵਨਜੋਤ-2 ਦਾ ਮੁੱਖ ਉਦੇਸ਼ ਹੈ। ਮੰਗਲਵਾਰ ਨੂੰ ਬਰਨਾਲਾ, ਬਠਿੰਡਾ, ਫ਼ਤਿਹਗੜ੍ਹ ਸਾਹਿਬ, ਗੁਰਦਾਸਪੁਰ, ਫ਼ਾਜ਼ਿਲਕਾ, ਹੁਸ਼ਿਆਰਪੁਰ ਤੇ ਜਲੰਧਰ, ਕਪੂਰਥਲਾ, ਮਾਨਸਾ, ਮਾਲੇਰਕੋਟਲਾ, ਮੋਗਾ, ਪਟਿਆਲਾ, ਰੂਨਗਰ, ਸੰਗਰੂਰ, ਐੱਸਏਐੱਸ ਨਗਰ, ਐੱਸਬੀਐੱਸ ਨਗਰ, ਸ੍ਰੀ ਮੁਕਤਸਰ ਸਾਹਿਬ ਤੇ ਤਰਨਤਾਰਨ ’ਚ ਛਾਪੇਮਾਰੀ ਕੀਤੀ ਗਈ। ਫ਼ਤਹਿਗੜ੍ਹ ਸਾਹਿਬ, ਪਟਿਆਲਾ, ਰੂਪਨਗਰ, ਸੰਗਰੂਰ ਤੇ ਸ੍ਰੀ ਮੁਕਤਸਰ ਸਾਹਿਬ ’ਚ ਇਕ-ਇਕ ਬੱਚਾ ਭੀਖ ਮੰਗਦਾ ਪਾਇਆ ਗਿਆ। ਤਿੰਨ ਬੱਚਿਆਂ ਦੇ ਮਾਤਾ-ਪਿਤਾ ਦੀ ਕੌਂਸਲਿੰਗ ਕੀਤੀ ਗਈ ਤੇ ਸਖ਼ਤ ਚਿਤਾਵਨੀ ਦਿੱਤੀ ਗਈ ਕਿ ਉਹ ਭਵਿੱਖ ’ਚ ਆਪਣੇ ਬੱਚਿਆਂ ਤੋਂ ਭੀਖ ਨਹੀਂ ਮੰਗਵਾਉਣਗੇ। ਦੋ ਬੱਚਿਆਂ ਨੂੰ ਬਾਲ ਗ੍ਰਿਹ ਭੇਜਿਆ ਗਿਆ ਹੈ। ਭੀਖ ਮੰਗਣ ਵਾਲੇ ਜਿਨ੍ਹਾਂ ਬੱਚਿਆਂ ਨੂੰ ਛੱਡਿਆ ਗਿਆ ਹੈ ਉਨ੍ਹਾਂ ਲਈ ਸਕੂਲਾਂ ’ਚ ਦਾਖ਼ਲਾ ਲੈਣਾ ਜ਼ਰੂਰੀ ਕੀਤਾ ਗਿਆ ਹੈ। ਪ੍ਰਸ਼ਾਸਨ ਮਾਪਿਆਂ ਤੋਂ ਹਲਫ਼ਨਾਮਾ ਲੈ ਰਿਹਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਕੂਲਾਂ ’ਚ ਪੜ੍ਹਾਉਣਗੇ ਤੇ ਉਨ੍ਹਾਂ ਤੋਂ ਭੀਖ ਨਹੀਂ ਮੰਗਵਾਉਣਗੇ। ਇਨ੍ਹਾਂ ਬੱਚਿਆਂ ਨੂੰ ਸਕਾਰਸ਼ਿਪ ਵੀ ਮਿਲੇਗੀ। ਬਠਿੰਡਾ ਦੀ ਡੀਸੀਪੀਓ ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਮੰਗਲਵਾਰ ਨੂੰ ਰਾਮਪੁਰਾ ਫੂਲ, ਤਲਵੰਡੀ ਸਾਬੋ ਤੇ ਹੋਰ ਖੇਤਰਾਂ ’ਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਆਪਣੇ ਬੱਚਿਆਂ ਤੋਂ ਭੀਖ ਮੰਗਵਾਉਣ ਦੇ ਦੋਸ਼ ’ਚ ਦੋ ਜੋੜਿਆਂ ਗਾਇਤਰੀ, ਉਸਦੇ ਪਤੀ ਅਜੈ, ਸਵਿਤਾ ਤੇ ਉਸ ਦੇ ਪਤੀ ਸੂਰਜ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਭੀਖ ਨਾ ਦਿਓ, 1098 ’ਤੇ ਦਿਓ ਸੂਚਨਾ

ਸਰਕਾਰ ਨੇ ਆਮ ਜਨਤਾ ਨੂੰ ਭੀਖ ਨਾ ਦੇਣ ਦੀ ਅਪੀਲ ਕੀਤੀ ਹੈ। ਜੇਕਰ ਕਿਤੇ ਕੋਈ ਬੱਚਾ ਭੀਖ ਮੰਗਦਾ ਦਿਖਾਈ ਦਿੰਦਾ ਹੈ ਤਾਂ ਚਾਈਲਡ ਹੈਲਪਲਾਈਨ 1098 ’ਤੇ ਤੁਰੰਤ ਸੂਚਨਾ ਦਿੱਤੀ ਜਾਵੇ ਤਾਂ ਜੋ ਬੱਚਿਆਂ ਦਾ ਭਵਿੱਖ ਸੁਰੱਖਿਅਤ ਬਣਾਇਆ ਜਾ ਸਕੇ।

ਸੰਖੇਪ: ਬਠਿੰਡਾ ਸਹਿਤ ਕਈ ਜ਼ਿਲ੍ਹਿਆਂ ’ਚ ਛਾਪੇਮਾਰੀ ਦੌਰਾਨ ਭੀਖ ਮੰਗਦੇ ਬੱਚਿਆਂ ਨੂੰ ਬਚਾਇਆ ਗਿਆ, ਮਾਪਿਆਂ ਖ਼ਿਲਾਫ਼ ਕਾਰਵਾਈ ਤੇ ਸਕੂਲ ਵਿੱਚ ਦਾਖ਼ਲੇ ਦੀ ਸ਼ੁਰੂਆਤ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।