ਪੰਜਾਬ ਚਮਕੇਗਾ ਗਲੋਬਲ ਟੂਰਿਜ਼ਮ ਨਕਸ਼ੇ 'ਤੇ - ਸੈਰ ਸਪਾਟੇ ਦੇ ਵਿਕਾਸ ਲਈ ਸਰਕਾਰ ਵੱਲੋਂ ਵਿਸ਼ੇਸ਼ ਪਹਿਲਕਦਮੀਆਂ
ਪੰਜਾਬ ਦੀ ਸੱਭਿਆਚਾਰਕ ਪਛਾਣ ਨੂੰ ਉੱਚਾ ਚੁੱਕਣ ਲਈ ਪਿੰਡਾਂ ਦੇ ਸੈਰ-ਸਪਾਟੇ, ਫੂਡ ਟੂਰਿਜ਼ਮ ਅਤੇ ਸਥਾਨਕ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ‘ਤੇ ਦਿੱਤਾ ਜਾ ਰਿਹੈ ਜ਼ੋਰ
ਚੰਡੀਗੜ੍ਹ, – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਪੰਜਾਬ ਨੂੰ ਵਿਸ਼ਵ ਦੇ ਮੋਹਰੀ ਸੈਰ-ਸਪਾਟਾ ਸਥਾਨ ਵਜੋਂ ਪ੍ਰਫੁੱਲਤ ਕਰਨ ਲਈ ਅਭਿਲਾਸ਼ੀ ਯੋਜਨਾਵਾਂ ਬਣਾਉਣ ਲਈ ਸੈਰ ਸਪਾਟਾ ਤੇ ਸੱਭਿਆਚਾਰਕ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਸੂਬੇ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੇ ਹੋਏ ਪੰਜਾਬ ਦੇ ਸੈਰ ਸਪਾਟਾ ਖੇਤਰ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਉੱਚਾ ਚੁੱਕਣ ਲਈ ਨਿਰਣਾਇਕ ਕਦਮ ਚੁੱਕਣ।
ਇਹ ਖੁਲਾਸਾ ਕਰਦਿਆਂ ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਦੇ ਸੈਰ-ਸਪਾਟਾ ਖੇਤਰ ਵਿੱਚ ਬੇਹੱਦ ਸੰਭਾਵਨਾਵਾਂ ਹਨ ਅਤੇ ਇੱਥੋਂ ਦੇ ਪ੍ਰਸਿੱਧ ਧਾਰਮਿਕ ਸਥਾਨਾਂ ਤੋਂ ਇਲਾਵਾ ਸੈਰ-ਸਪਾਟੇ ਵਾਲੇ ਉੱਘੇ ਖੇਤਰਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਆਪਕ ਨੀਤੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਸੂਬਾ ਸਰਕਾਰ ਸੈਰ-ਸਪਾਟੇ ਨੂੰ ਵਿਭਿੰਨਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ ਤਾਂ ਜੋ ਪਿੰਡਾਂ ਦਾ ਸੈਰ-ਸਪਾਟਾ, ਫੂਡ ਟੂਰਿਜ਼ਮ ਅਤੇ ਫੈਸਟੀਵਲ ਟੂਰਿਜ਼ਮ ਨੂੰ ਸ਼ਾਮਲ ਕੀਤਾ ਜਾ ਸਕੇ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ ਪੰਜਾਬ ਸਰਕਾਰ ਪੰਜਾਬ ਨੂੰ ਵਿਸ਼ਵ ਸੈਰ-ਸਪਾਟੇ ਦੇ ਨਕਸ਼ੇ ‘ਤੇ ਲਿਆਉਣ, ਵਿਸ਼ਵ ਭਰ ਤੋਂ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਅਤੇ ਸਥਾਨਕ ਭਾਈਚਾਰਿਆਂ ਲਈ ਮੌਕੇ ਪੈਦਾ ਕਰਨ ਲਈ ਦ੍ਰਿੜ ਸੰਕਲਪ ਹੈ। ਇਸ ਬਹੁ-ਪੱਖੀ ਪਹੁੰਚ ਦਾ ਉਦੇਸ਼ ਸੈਰ-ਸਪਾਟਾ ਖੇਤਰ ਵਿੱਚ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਦੇ ਹੋਏ ਰਾਜ ਦੇ ਵਿਲੱਖਣ ਸੱਭਿਆਚਾਰ, ਪਕਵਾਨਾਂ ਅਤੇ ਵਿਰਾਸਤ ਨੂੰ ਉਜਾਗਰ ਕਰਨਾ ਹੈ।
ਵਿਲੇਜ ਟੂਰਿਜ਼ਮ ਅਤੇ ਬੈੱਡ ਐਂਡ ਬ੍ਰੇਕਫਾਸਟ ਸਕੀਮ:
ਮੰਤਰੀ ਸੌਂਦ ਨੇ ਦੱਸਿਆ ਕਿ ਸੈਲਾਨੀਆਂ ਨੂੰ ਪੇਂਡੂ ਪੰਜਾਬ ਦਾ ਪ੍ਰਮਾਣਿਕ ਅਨੁਭਵ ਪ੍ਰਦਾਨ ਕਰਨ ਲਈ ਪਿੰਡਾਂ ਦੇ ਸੈਰ-ਸਪਾਟੇ ਨੂੰ ਹੋਰ ਉਤਸ਼ਾਹਿਤ ਕਰਨ ਦੀ ਲੋੜ ਹੈ। ਉਸਨੇ ‘ਬੈੱਡ ਐਂਡ ਬ੍ਰੇਕਫਾਸਟ’ ਸਕੀਮ ਦੇ ਵਿਆਪਕ ਪ੍ਰਚਾਰ ਨੂੰ ਵੀ ਉਤਸ਼ਾਹਿਤ ਕਰਨ ਲਈ ਕਿਹਾ ਜਿਸ ਨਾਲ ਸੈਲਾਨੀਆਂ ਨੂੰ ਪੰਜਾਬ ਦੇ ਪਿੰਡਾਂ ਦੀ ਪਰੰਪਰਾਗਤ ਜੀਵਨ ਸ਼ੈਲੀ, ਪਰਾਹੁਣਚਾਰੀ ਅਤੇ ਸੱਭਿਆਚਾਰ ਦਾ ਅਨੁਭਵ ਕਰਨ ਦਾ ਮੌਕਾ ਮਿਲਦਾ ਹੈ।
ਫੂਡ ਟੂਰਿਜ਼ਮ:
ਪੰਜਾਬ ਦੇ ਪਕਵਾਨਾਂ ਦੀ ਵਿਸ਼ਵ ਪੱਧਰ ‘ਤੇ ਮਾਨਤਾ ਨੂੰ ਉਜਾਗਰ ਕਰਦੇ ਹੋਏ, ਮੰਤਰੀ ਸੌਂਦ ਨੇ ਪੰਜਾਬ ਦੇ ਸ਼ਹਿਰਾਂ ਵਿੱਚ ਭੋਜਨ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਉਚੇਚੇ ਯਤਨ ਕਰਨ ਲਈ ਕਿਹਾ ਜਿਸ ਨਾਲ ਪੰਜਾਬ ਦੇ ਪ੍ਰਸਿੱਧ ਰਸੋਈ ਪਕਵਾਨਾਂ ਦਾ ਸੁਆਦ ਸੈਲਾਨੀ ਮਾਣ ਸਕਣ।
ਤਿਉਹਾਰ ਅਤੇ ਮੇਲੇ:
ਪੰਜਾਬ ਦੇ ਤਿਉਹਾਰਾਂ ਅਤੇ ਮੇਲੇ, ਉਹਨਾਂ ਦੇ ਵਿਲੱਖਣ ਸੱਭਿਆਚਾਰਕ ਮਹੱਤਵ ਦੇ ਨਾਲ, ਮੁੱਖ ਆਕਰਸ਼ਣ ਵਜੋਂ ਪਛਾਣੇ ਜਾਂਦੇ ਹਨ। ਉਨਾਂ ਨੇ ਅਧਿਕਾਰੀਆਂ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਖਿੱਚਣ ਲਈ ਇਨ੍ਹਾਂ ਸਮਾਗਮਾਂ ਨੂੰ ਵੱਡੇ ਪੱਧਰ ‘ਤੇ ਮਨਾਉਣ ਲਈ ਇੱਕ ਢਾਂਚਾ ਤਿਆਰ ਕਰਨ ਲਈ ਆਖਿਆ ਹੈ।
ਡਿਜੀਟਲ ਪਲੇਟਫਾਰਮ ‘ਤੇ ਪ੍ਰਚਾਰ:
ਵਧੇਰੇ ਸਰੋਤਿਆਂ ਤੱਕ ਪਹੁੰਚਣ ਲਈ ਮੰਤਰੀ ਨੇ ਅਧਿਕਾਰੀਆਂ ਨੂੰ ਸੈਰ-ਸਪਾਟੇ ਦੀ ਦਿੱਖ ਅਤੇ ਮਨੋਰੰਜਨ ਦੇ ਰੁਝੇਵਿਆਂ ਨੂੰ ਹੁਲਾਰਾ ਦੇਣ ਲਈ ਡਿਜੀਟਲ ਸਾਧਨਾਂ ਦੀ ਵਰਤੋਂ ਕਰਦੇ ਹੋਏ, ਔਨਲਾਈਨ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪੰਜਾਬ ਦੇ ਸੱਭਿਆਚਾਰ ਅਤੇ ਸੈਰ-ਸਪਾਟੇ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰਨ ਉਪਰ ਜ਼ੋਰ ਦਿੱਤਾ ਹੈ।
ਸਥਾਨਕ ਕਲਾਕਾਰਾਂ ਲਈ ਮਾਨਤਾ :
ਮੰਤਰੀ ਸੌਂਦ ਨੇ ਸਥਾਨਕ ਕਲਾਕਾਰਾਂ, ਨਾਟਕਕਾਰਾਂ, ਨਾਟਕ ਕਲਾਕਾਰਾਂ, ਗਾਇਕਾਂ, ਕਵੀਆਂ ਅਤੇ ਕਵੀਸ਼ਰਾਂ (ਲੋਕ ਕਵੀਆਂ) ਦਾ ਸਮਰਥਨ ਕਰਨ ਲਈ ਸਰਕਾਰ ਦੀ ਵਚਨਬੱਧਤਾ ‘ਤੇ ਵੀ ਜ਼ੋਰ ਦਿੱਤਾ। ਉਸਨੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਵਿਭਾਗ ਦੇ ਪੋਰਟਲ ‘ਤੇ ਉਨ੍ਹਾਂ ਦੀ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਂਦੇ ਹੋਏ, ਅਧਿਕਾਰਤ ਸਮਾਗਮਾਂ ਵਿੱਚ ਉਨ੍ਹਾਂ ਨੂੰ ਵਧੇਰੇ ਮੌਕੇ ਅਤੇ ਮਾਨਤਾ ਪ੍ਰਦਾਨ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ। ਇਸ ਪਹਿਲਕਦਮੀ ਦਾ ਉਦੇਸ਼ ਅਣਪਛਾਤੀ ਪ੍ਰਤਿਭਾ ਨੂੰ ਸਪਾਟਲਾਈਟ ਵਿੱਚ ਲਿਆਉਣਾ ਅਤੇ ਪੰਜਾਬ ਦੀ ਜੀਵੰਤ ਸੱਭਿਆਚਾਰਕ ਵਿਰਾਸਤ ਦਾ ਜਸ਼ਨ ਮਨਾਉਣਾ ਹੈ।
ਸੱਭਿਆਚਾਰਕ ਸਥਾਨ ਚਿੰਨ੍ਹ ਅਤੇ ਯਾਦਗਾਰਾਂ :
ਮੰਤਰੀ ਨੇ ਸੱਭਿਆਚਾਰਕ ਨਿਸ਼ਾਨੀਆਂ ਦੇ ਨਿਰਮਾਣ ਅਤੇ ਸੁੰਦਰੀਕਰਨ ਦੀਆਂ ਯੋਜਨਾਵਾਂ ਦਾ ਖੁਲਾਸਾ ਕਰਦਿਆਂ ਪੰਜਾਬ ਦੀ ਸਰਹੱਦ ਦੇ ਹਰਿਆਣਾ ਵਾਲੇ ਪਾਸੇ ਇੱਕ ਵਿਸ਼ਾਲ “ਐਂਟਰੀ ਗੇਟ” ਸਥਾਪਤ ਕਰਨ ਅਤੇ ਜੀਟੀ ਰੋਡ ਦੇ ਨਾਲ ਪੰਜਾਬ ਦੇ ਸੱਭਿਆਚਾਰ, ਵਿਰਾਸਤ ਅਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਦਰਸਾਉਂਦੇ ਵਿਰਾਸਤੀ ਚਿੰਨ੍ਹ ਅਤੇ ਚਿੱਤਰ ਬਣਾਉਣ ਲਈ ਵੀ ਕਿਹਾ। ਸਾਹਿਬਜ਼ਾਦਿਆਂ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਵਿੱਚ ਉਨ੍ਹਾਂ ਦੀ ਇਤਿਹਾਸਕ ਮਹੱਤਤਾ ਨੂੰ ਉਜਾਗਰ ਕਰਦੀ ਵਿਲੱਖਣ ਯਾਦਗਾਰ ਉਸਾਰਨ ਲਈ ਵੀ ਆਖਿਆ।
ਕੇਂਦਰ ਸਰਕਾਰ ਨਾਲ ਸਹਿਯੋਗ :
ਪੰਜਾਬ ਦੀਆਂ ਸੈਰ ਸਪਾਟਾ ਪਹਿਲਕਦਮੀਆਂ ਲਈ ਵੱਧ ਤੋਂ ਵੱਧ ਫੰਡਿੰਗ ਅਤੇ ਸਹਾਇਤਾ ਲਈ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਸਕੀਮਾਂ ਨਾਲ ਤਾਲਮੇਲ ਬਣਾਉਣ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਮੰਤਰੀ ਸ਼ੌਂਦ ਨੇ ਸੀਨੀਅਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਰਾਜ ਦੇ ਸੈਰ ਸਪਾਟਾ ਵਿਕਾਸ ਪ੍ਰਾਜੈਕਟਾਂ ਦੇ ਸਾਰਥਕ ਨਤੀਜੇ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਰਾਬਤਾ ਕਾਇਮ ਕਰਨ।