ਪੰਜਾਬ ਸਰਕਾਰ ਦੇ ਵਿਜ਼ਨ ਤਹਿਤ ਖੰਨਾ ਬਣੇਗਾ ਪੰਜਾਬ ਦਾ ਪਹਿਲਾ ਕੂੜਾ-ਮੁਕਤ ਸ਼ਹਿਰ
ਰਾਜ ਭਰ ਵਿੱਚ ਲਾਗੂ ਕਰਨ ਲਈ ਪਾਇਲਟ ਪ੍ਰੋਜੈਕਟ ਹੋਇਆ ਸ਼ੁਰੂ
ਕੂੜੇ ਦੀਆਂ ਸ਼ਿਕਾਇਤਾਂ ਨੂੰ 60 ਮਿੰਟਾਂ ‘ਚ ਹੱਲ ਕਰਨ ਲਈ ਸ਼ਿਕਾਇਤ ਸੈੱਲ ਚਾਲੂ
ਚੰਡੀਗੜ੍ਹ, – ਪੰਜਾਬ ਨੂੰ ਕੂੜਾ ਮੁਕਤ ਰਾਜ ਬਣਾਉਣ ਦੇ ਉਦੇਸ਼ ਨਾਲ ਇੱਕ ਇਤਿਹਾਸਕ ਪਹਿਲਕਦਮੀ ਵਜੋਂ ਖੰਨਾ ਸ਼ਹਿਰ ਵਿੱਚ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਜੋ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਖੰਨਾ ਨੂੰ ਪੰਜਾਬ ਦਾ ਪਹਿਲਾ ਕੂੜਾ ਮੁਕਤ ਸ਼ਹਿਰ ਬਣਾਏਗਾ। ਪੰਜਾਬ ਸਰਕਾਰ ਨੇ 1 ਦਸੰਬਰ, 2024 ਤੋਂ ਸ਼ੁਰੂ ਹੋਈ ਇਸ ਅਭਿਲਾਸ਼ੀ ਪਹਿਲਕਦਮੀ ਲਈ 4 ਕਰੋੜ 8 ਲੱਖ 12 ਹਜ਼ਾਰ ਰੁਪਏ ਦਾ ਬਜਟ ਅਲਾਟ ਕੀਤਾ ਹੈ।
ਉਦਯੋਗ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਇਸ ਪਾਇਲਟ ਪ੍ਰੋਜੈਕਟ ਬਾਰੇ ਦੱਸਿਆ ਕਿ ਇੱਕ ਸਾਲ ਦੇ ਅੰਦਰ-ਅੰਦਰ ਇਸ ਦੇ ਪ੍ਰਤੱਖ ਨਤੀਜੇ ਆਉਣ ਦੀ ਉਮੀਦ ਹੈ। ਖੰਨਾ ਵਿੱਚ ਸਫ਼ਲਤਾਪੂਰਵਕ ਲਾਗੂ ਹੋਣ ਤੋਂ ਬਾਅਦ, ਸਰਕਾਰ ਦੇ ਕੂੜਾ-ਮੁਕਤ ਰਾਜ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਇੱਕ ਵਿਆਪਕ ਯਤਨ ਦੇ ਹਿੱਸੇ ਵਜੋਂ ਇਸ ਪ੍ਰੋਜੈਕਟ ਨੂੰ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਵਧਾਇਆ ਜਾਵੇਗਾ।
ਪਾਇਲਟ ਪ੍ਰੋਜੈਕਟ ਦੇ ਵੇਰਵੇ :
ਇਸ ਪ੍ਰੋਜੈਕਟ ਵਿੱਚ ਖੰਨਾ ਦੇ ਸਾਰੇ ਵਾਰਡਾਂ ਵਿੱਚ ਹਰੇਕ ਘਰ ਤੋਂ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਇਕੱਠਾ ਕਰਨਾ ਸ਼ਾਮਲ ਹੈ। ਇਹ ਕਦਮ ਇਹ ਯਕੀਨੀ ਬਣਾਏਗਾ ਕਿ ਕੂੜਾ ਹੁਣ ਅਣਅਧਿਕਾਰਤ ਖੇਤਰਾਂ ਵਿੱਚ ਡੰਪ ਨਹੀਂ ਕੀਤਾ ਜਾਵੇਗਾ ਜਿਸ ਦੇ ਨਤੀਜੇ ਵਜੋਂ ਸ਼ਹਿਰ ਇੱਕ ਸਾਫ਼, ਸਿਹਤਮੰਦ ਅਤੇ ਵਧੇਰੇ ਸੁੰਦਰ ਬਣ ਜਾਵੇਗਾ।
ਰਹਿੰਦ-ਖੂੰਹਦ ਪ੍ਰਬੰਧਨ ਨੂੰ ਸੁਚਾਰੂ ਬਣਾਉਣ ਲਈ, ਨਿਵਾਸੀਆਂ, ਕਾਰੋਬਾਰੀ ਮਾਲਕਾਂ ਅਤੇ ਗਲੀ ਵਿਕਰੇਤਾਵਾਂ ਨੂੰ ਇੱਕ ਵਿਲੱਖਣ ਉਪਭੋਗਤਾ ਨੰਬਰ ਜਾਰੀ ਕੀਤਾ ਜਾਵੇਗਾ। ਇਹ ਨੰਬਰ ਇੱਕ ਐਪ ਨਾਲ ਲਿੰਕ ਕੀਤਾ ਹੋਵੇਗਾ ਜੋ ਉਪਭੋਗਤਾਵਾਂ ਨੂੰ ਐਸਐਮਐਸ (SMS) ਰਾਹੀਂ ਕੂੜਾ ਇਕੱਠਾ ਕਰਨ ਲਈ ਅਦਾਇਗੀ ਯੋਗ ਫੀਸ ਦੇ ਵੇਰਵੇ ਭੇਜੇਗਾ। ਸਿਸਟਮ ਨੂੰ ਪਹੁੰਚਯੋਗ ਅਤੇ ਉਪਭੋਗਤਾ-ਅਨੁਕੂਲ ਬਣਾਉਂਦੇ ਹੋਏ ਭੁਗਤਾਨ ਔਨਲਾਈਨ ਅਤੇ ਔਫਲਾਈਨ ਦੋਵੇਂ ਤਰ੍ਹਾਂ ਕੀਤੇ ਜਾ ਸਕਦੇ ਹਨ।
ਇਸ ਤੋਂ ਇਲਾਵਾ, ਕੂੜੇ ਨਾਲ ਸਬੰਧਤ ਸ਼ਿਕਾਇਤਾਂ ਨੂੰ ਹੱਲ ਕਰਨ ਲਈ ਇੱਕ ਸਮਰਪਿਤ ਸ਼ਿਕਾਇਤ ਸੈੱਲ ਦੀ ਸਥਾਪਨਾ ਕੀਤੀ ਗਈ ਹੈ। ਮੰਤਰੀ ਨੇ ਭਰੋਸਾ ਦਿਵਾਇਆ ਕਿ ਪਹੁੰਚੀਆਂ ਸ਼ਿਕਾਇਤਾਂ ‘ਤੇ 60 ਮਿੰਟਾਂ ਦੇ ਅੰਦਰ-ਅੰਦਰ ਕਾਰਵਾਈ ਕੀਤੀ ਜਾਵੇਗੀ, ਜਿਸ ਨਾਲ ਖੰਨੇ ਨੂੰ ਕੂੜਾ ਪ੍ਰਬੰਧਨ ਲਈ ਇੱਕ ਮਾਡਲ ਸ਼ਹਿਰ ਬਣਾਇਆ ਜਾਵੇਗਾ।
ਸ਼ਹਿਰੀਆਂ ਨੂੰ ਭਾਗੀਦਾਰੀ ਲਈ ਸੱਦਾ :
ਮੰਤਰੀ ਸੌਂਦ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਪ੍ਰੋਜੈਕਟ ਦੀ ਸਫਲਤਾ ਖੰਨਾ ਦੇ ਵਸਨੀਕਾਂ ਦੀ ਸਰਗਰਮ ਭਾਗੀਦਾਰੀ ‘ਤੇ ਨਿਰਭਰ ਕਰਦੀ ਹੈ। ਉਨ੍ਹਾਂ ਨੇ ਨਾਗਰਿਕਾਂ ਨੂੰ ਇਸ ਪਹਿਲਕਦਮੀ ਦਾ ਸਮਰਥਨ ਕਰਨ ਦੀ ਅਪੀਲ ਕੀਤੀ, ਜਿਸ ਨੂੰ ਉਨ੍ਹਾਂ ਨੇ ਮੁੱਖ ਮੰਤਰੀ ਦੇ ‘ਰੰਗਲਾ ਪੰਜਾਬ’ ਵਜੋਂ ਪੰਜਾਬ ਨੂੰ ਸਾਫ਼-ਸੁਥਰੇ ਅਤੇ ਹਰਿਆ-ਭਰਿਆ ਰਾਜ ਵਿੱਚ ਬਦਲਣ ਵੱਲ ਇੱਕ ਅਹਿਮ ਕਦਮ ਦੱਸਿਆ।
ਰਾਜ ਵਿਆਪੀ ਵਿਸਤਾਰ ਯੋਜਨਾਵਾਂ
ਉਦਯੋਗ ਮੰਤਰੀ ਨੇ ਕਿਹਾ ਕਿ ਇਹ ਪਹਿਲਕਦਮੀ ਸਿਰਫ਼ ਸ਼ੁਰੂਆਤ ਹੈ। ਇਹ ਵਿਆਪਕ ਪਹੁੰਚ ਰਾਜ ਨੂੰ ਕੂੜਾ-ਮੁਕਤ ਬਣਾਉਣ, ਟਿਕਾਊ ਵਿਕਾਸ ਅਤੇ ਵਾਤਾਵਰਣ ਦੀ ਸਿਹਤ ਨੂੰ ਯਕੀਨੀ ਬਣਾਉਣ ਪ੍ਰਤੀ ਪੰਜਾਬ ਸਰਕਾਰ ਦੇ ਦ੍ਰਿਸ਼ਟੀਕੋਣ ਨਾਲ ਮੇਲ ਖਾਂਦੀ ਹੈ। ਜ਼ਿਕਰਯੋਗ ਹੈ ਕਿ ਰਾਜ ਸਰਕਾਰ ਦੀ ਵਚਨਬੱਧਤਾ ਅਤੇ ਲੋਕਾਂ ਦੇ ਸਹਿਯੋਗ ਨਾਲ, ਪੰਜਾਬ ਰਾਜ ਕੂੜਾ ਪ੍ਰਬੰਧਨ ਅਤੇ ਸ਼ਹਿਰੀ ਸਫਾਈ ਵਿੱਚ ਦੇਸ਼ ਦੇ ਬਾਕੀ ਹਿੱਸਿਆਂ ਲਈ ਇੱਕ ਮਿਸਾਲ ਕਾਇਮ ਕਰਨ ਲਈ ਤਿਆਰ ਹੈ। ਖੰਨਾ, ਇਸ ਤਬਦੀਲੀ ਦੀ ਅਗਵਾਈ ਕਰਨ ਵਾਲੇ ਪਹਿਲੇ ਸ਼ਹਿਰ ਵਜੋਂ, ਪੂਰੇ ਰਾਜ ਲਈ ਇੱਕ ਸਾਫ਼, ਹਰਾ-ਭਰਾ ਅਤੇ ਉੱਜਵਲ ਭਵਿੱਖ ਲਈ ਰਾਹ ਪੱਧਰਾ ਕਰੇਗਾ।