ਮਾਨ ਸਰਕਾਰ ਦੀ ਵਿਲੱਖਣ ਪਹਿਲਕਦਮੀ: ਮਾਲਵਾ ਨਹਿਰ ਨਾਲ ਸਿੰਚਾਈ ਵਿੱਚ ਹੋਵੇਗਾ ਵਾਧਾ
ਅਬੋਹਰ ਅਤੇ ਫ਼ਾਜ਼ਿਲਕਾ ਨੂੰ ਨਵੇਂ ਜਲ ਸਰੋਤ ਦਾ ਹੋਵੇਗਾ ਲਾਭ
ਮਾਲਵਾ ਖੇਤਰ, ਜੋ ਕਿ ਪੰਜਾਬ ਦਾ ਸਭ ਤੋਂ ਵੱਡਾ ਖੇਤੀਬਾੜੀ ਖੇਤਰ ਹੈ, ਲੰਬੇ ਸਮੇਂ ਤੋਂ ਪਾਣੀ ਦੀ ਕਮੀ ਦੀ ਸਮੱਸਿਆ ਦਾ ਸਾਮਣਾ ਕਰ ਰਿਹਾ ਹੈ। ਆਜ਼ਾਦੀ ਤੋਂ ਬਾਅਦ ਤੋਂ ਹੀ ਇਹ ਖੇਤਰ ਲੋੜੀਂਦੇ ਨਹਿਰੀ ਪਾਣੀ ਦੀ ਸਪਲਾਈ ਨਾਲ ਜੂਝ ਰਿਹਾ ਹੈ, ਪਰ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਗੰਭੀਰ ਚੁਣੌਤੀ ਨੂੰ ਹੱਲ ਕਰਨ ਲਈ ਕਦਮ ਚੁੱਕਿਆ ਹੈ।
ਇਸ ਸਬੰਧੀ ਇਤਿਹਾਸਿਕ ਕਦਮ ਚੁੱਕਦਿਆਂ, ਪੰਜਾਬ ਸਰਕਾਰ ਨੇ ਮਾਲਵਾ ਨਹਿਰ ਦੇ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਹੈ, ਜੋ ਕਿ ਆਜ਼ਾਦੀ ਤੋਂ ਬਾਅਦ ਪੰਜਾਬ ਵਿੱਚ ਬਣਾਈ ਜਾ ਰਹੀ ਪਹਿਲੀ ਨਵੀਂ ਨਹਿਰ ਹੈ। ਇਸ ਮਹੱਤਵਪੂਰਨ ਪ੍ਰੋਜੈਕਟ ਨਾਲ ਲਗਭਗ 2 ਲੱਖ ਏਕੜ ਖੇਤੀਬਾੜੀ ਯੋਗ ਜ਼ਮੀਨ ਨੂੰ ਸਿੰਚਾਈ ਲਈ ਪਾਣੀ ਮੁਹੱਈਆ ਕਰਵਾਇਆ ਜਾਵੇਗਾ, ਜੋ ਸਥਾਨਕ ਕਿਸਾਨਾਂ ਲਈ ਬਹੁਤ ਲਾਭਦਾਇਕ ਸਿੱਧ ਹੋਵੇਗਾ।
ਮਾਲਵਾ ਨਹਿਰ ਦੀ ਲੰਬਾਈ 149.53 ਕਿਲੋਮੀਟਰ ਹੋਵੇਗੀ, ਜਿਸ ਦੀ ਚੌੜਾਈ 50 ਫੁੱਟ ਅਤੇ ਡੂੰਘਾਈ 12.5 ਫੁੱਟ ਹੋਵੇਗੀ। ਇਸ ਨਹਿਰ ਵਿੱਚ 500 ਆਊਟਲੈਟ ਹੋਣਗੇ। ਇਹ ਨਹਿਰ 2,000 ਕਿਊਸੈਕ ਪਾਣੀ ਦੀ ਸਮਰੱਥਾ ਵਾਲੀ ਹੋਵੇਗੀ ਅਤੇ ਇਸ ਦੇ ਨਿਰਮਾਣ ‘ਤੇ 2,300 ਕਰੋੜ ਰੁਪਏ ਦੀ ਲਾਗਤ ਆਵੇਗੀ। ਇਹ ਨਹਿਰ ਹਰੀਕੇ ਹੈਡਵਰਕਸ ਤੋਂ ਸ਼ੁਰੂ ਹੋ ਕੇ ਰਾਜਸਥਾਨ ਫੀਡਰ ਨਾਲ ਸਮਾਂਤਰ ਚੱਲਦੀ ਹੋਈ ਵੈਰਿੰਗ ਖੇੜਾ ਪਿੰਡ ਤੱਕ ਜਾਵੇਗੀ।
ਇਹ ਪ੍ਰੋਜੈਕਟ ਖ਼ਾਸ ਕਰਕੇ ਮਾਨਸੂਨ ਵਿੱਚ ਕਾਫ਼ੀ ਮਹੱਤਵਪੂਰਨ ਹੈ, ਜਦੋਂ ਫ਼ਿਰੋਜ਼ਪੁਰ ਫੀਡਰ ਨਹਿਰ ਤੋਂ ਪਾਣੀ ਦੀ ਮੰਗ ਸਿਰਹਿੰਦ ਫੀਡਰ ਤੋਂ ਸਪਲਾਈ ਨੂੰ ਪ੍ਰਭਾਵਿਤ ਕਰਦੀ ਹੈ। ਮਾਲਵਾ ਨਹਿਰ ਦੇ ਨਿਰਮਾਣ ਨਾਲ ਸਿੰਚਾਈ ਦੇ ਢਾਂਚੇ ਵਿੱਚ ਸੁਧਾਰ ਹੋਵੇਗਾ, ਜਿਸ ਨਾਲ ਅਬੋਹਰ ਅਤੇ ਫ਼ਾਜ਼ਿਲਕਾ ਖੇਤਰ ਵਿੱਚ ਪਾਣੀ ਦੀ ਕਮੀ ਨੂੰ ਦੂਰ ਕਰਨ ਅਤੇ ਖੇਤੀਬਾੜੀ ਦੀ ਉਤਪਾਦਕਤਾ ਵਿੱਚ ਵਾਧਾ ਕਰਨ ਦੀ ਉਮੀਦ ਹੈ।
ਮਾਨ ਸਰਕਾਰ ਅਨੁਸਾਰ ਇਸ ਪ੍ਰੋਜੈਕਟ ਨਾਲ ਪੂਰੇ ਖੇਤਰ ਵਿੱਚ ਪਾਣੀ ਦੀ ਉਪਲਬਧਤਾ ਵਿੱਚ ਵਾਧਾ ਹੋਵੇਗਾ ਅਤੇ ਇਸ ਨਾਲ ਸ੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ, ਬਠਿੰਡਾ, ਜ਼ੀਰਾ, ਅਤੇ ਫ਼ਾਜ਼ਿਲਕਾ ਵਰਗੇ ਖੇਤਰਾਂ ਨੂੰ ਲਾਭ ਹੋਵੇਗਾ। ਇਹ ਉਪਰਾਲਾ ਸੂਬਾ ਸਰਕਾਰ ਦੀ ਵਚਨਬੱਧਤਾ ਦਾ ਪ੍ਰਤੀਕ ਹੈ, ਜੋ ਪੰਜਾਬ ਦੇ ਕਿਸਾਨਾਂ ਨੂੰ ਮਜ਼ਬੂਤ ਬਣਾਉਣ ਅਤੇ ਖੇਤੀਬਾੜੀ ਵਿੱਚ ਸੁਧਾਰ ਕਰਨ ਲਈ ਯਤਨਸ਼ੀਲ ਹੈ।