ਓਟਵਾ, 25 ਜਨਵਰੀ (ਪੰਜਾਬ ਖਬਰਨਾਮਾ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਲਈ ਹੁਣ ਨਵਾਂ ਜੱਬ ਛੇੜ ਦਿੱਤਾ ਹੈ। ਉੱਨਾਂ ਵੱਲੋਂ ਸਰੀ ਗੁਰਦਵਾਰੇ ਦੇ ਪ੍ਰਧਾਨ ਭਾਈ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤ ਦੀ ਭੂਮਿਕਾ ਦੇ ਦੋਸ਼ ਲਾਏ ਜਾਣ ਤੋਂ ਕੁਝ ਮਹੀਨੇ ਬਾਅਦ, ਕੈਨੇਡਾ ਸਰਕਾਰ ਨੇ ਹੁਣ ਭਾਰਤ ਵੱਲੋਂ 2019 ਅਤੇ 2021 ਵਿੱਚ ਦੇਸ਼ ਦੀਆਂ ਫੈਡਰਲ ਚੋਣਾਂ ਵਿੱਚ ਕਥਿਤ ਦਖਲਅੰਦਾਜ਼ੀ ਕਰਨ ਦੀ ਜਾਂਚ ਕਰਾਉਣ ਦਾ ਐਲਾਨ ਕੀਤਾ ਹੈ। 

ਕੈਨੇਡਾ ਵਿੱਚ ਪਿਛਲੀਆਂ ਦੋ ਫੈਡਰਲ ਚੋਣਾਂ ਵਿੱਚ ਵਿਦੇਸ਼ੀ ਸਰਕਾਰਾਂ ਦੀ ਦਖਲਅੰਦਾਜ਼ੀ ਦੀ ਜਾਂਚ ਲਈ ਟਰੂਡੋ ਸਰਕਾਰ ਵੱਲੋਂ ਪਿਛਲੇ ਸਾਲ ਗਠਿਤ ਕੀਤੇ ਗਏ ਵਿਦੇਸ਼ੀ ਦਖਲ ਕਮਿਸ਼ਨ ਨੇ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਭਾਰਤ ਵੱਲੋਂ ਕੀਤੀ ਕਥਿਤ ਦਖਲਅੰਦਾਜ਼ੀ ਦੀ ਵੀ ਜਾਂਚ ਕਰੇਗਾ। ਕਮਿਸ਼ਨ ਨੇ ਇੱਕ ਬਿਆਨ ਵਿੱਚ ਕੈਨੇਡੀਅਨ ਸਰਕਾਰ ਨੂੰ ਉਕਤ ਚੋਣਾਂ ਨਾਲ ਜੁੜੇ ਇਲਜ਼ਾਮਾਂ ਨਾਲ ਸਬੰਧਤ ਸਾਰੀ ਜਾਣਕਾਰੀ ਅਤੇ ਦਸਤਾਵੇਜ਼ ਦੇਣ ਲਈ ਕਿਹਾ ਹੈ। 

ਯਾਦ ਰਹੇ ਕਿ ਇਸ ਤੋਂ ਪਹਿਲਾਂ ਇਸ ਕਮਿਸ਼ਨ ਦੀ ਜਾਂਚ ਦਾ ਮੁੱਖ ਨਿਸ਼ਾਨਾ ਚੀਨ ਅਤੇ ਰੂਸ ਦੀ ਕਥਿਤ ਦਖਲਅੰਦਾਜ਼ੀ ਬਾਰੇ ਹੀ ਸੀ ਪਰ ਭਾਈ ਨਿੱਝਰ ਦੀ ਹੱਤਿਆ ਦੇ ਮਾਮਲੇ ਵਿਚ ਟਰੂਡੋ ਵੱਲੋਂ ਭਾਰਤ ਸਰਕਾਰ ‘ਤੇ ਲਾਏ ਦੋਸ਼ਾਂ ਦੇ ਮੱਦੇਨਜ਼ਰ ਭਾਰਤ-ਕੈਨੇਡਾ ਸਬੰਧਾਂ ਵਿਚ ਖਟਾਸ ਆਉਣ ਤੋਂ ਬਾਅਦ ਹੁਣ ਭਾਰਤ ਨੂੰ ਵੀ ਇਸ ਦੀ ਜਾਂਚ ਵਿਚ ਸ਼ਾਮਲ ਕੀਤਾ ਗਿਆ ਹੈ। 

ਅਗਲੇ ਹਫ਼ਤੇ ਤੋਂ ਸੁਣਵਾਈ ਸ਼ੁਰੂ ਕਰਨ ਵਾਲਾ ਇਹ ਕਮਿਸ਼ਨ ਉਕਤ ਦੋਵਾਂ ਚੋਣਾਂ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਬਾਰੇ ਸਾਰੀ ਜਾਣਕਾਰੀ ਦੀ ਘੋਖ ਕਰੇਗਾ ਅਤੇ ਇਸ ਨੂੰ ਰੋਕਣ ਲਈ ਸਿਫ਼ਾਰਸ਼ਾਂ ਵੀ ਕਰੇਗਾ। ਇਹ ਕਮਿਸ਼ਨ ਆਪਣੀ ਅੰਤਰਿਮ ਰਿਪੋਰਟ 3 ਮਈ ਤੱਕ ਅਤੇ ਅੰਤਿਮ ਰਿਪੋਰਟ 31 ਦਸੰਬਰ ਤੱਕ ਕੈਨੇਡਾ ਸਰਕਾਰ ਨੂੰ ਸੌਂਪੇਗਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।