26 ਜੂਨ (ਪੰਜਾਬੀ ਖਬਰਨਾਮਾ):ਟੀ-20 ਵਿਸ਼ਵ ਕੱਪ 2024 ਦੇ ਦੂਜੇ ਸੈਮੀਫਾਈਨਲ ਮੈਚ ‘ਚ ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਪਹਿਲਾ ਸੈਮੀਫਾਈਨਲ ਮੈਚ 27 ਜੂਨ ਵੀਰਵਾਰ ਨੂੰ ਦੱਖਣੀ ਅਫਰੀਕਾ ਅਤੇ ਅਫਗਾਨਿਸਤਾਨ ਵਿਚਾਲੇ ਖੇਡਿਆ ਜਾਵੇਗਾ। ਦੂਜਾ ਮੈਚ ਵੀ ਇਸੇ ਦਿਨ ਖੇਡਿਆ ਜਾਵੇਗਾ। ਦੋਵੇਂ ਸੈਮੀਫਾਈਨਲ ਮੈਚਾਂ ਲਈ ਅੰਪਾਇਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਭਾਰਤ ਅਤੇ ਇੰਗਲੈਂਡ ਵਿਚਾਲੇ ਵੀਰਵਾਰ ਨੂੰ ਹੋਣ ਵਾਲੇ ਸੈਮੀਫਾਈਨਲ ਮੈਚ ‘ਚ ਆਨ-ਫੀਲਡ ਅੰਪਾਇਰ ਨਿਊਜ਼ੀਲੈਂਡ ਦੇ ਕ੍ਰਿਸ ਗੈਫਨੀ ਤੇ ਆਸਟ੍ਰੇਲੀਆ ਦੇ ਰਾਡਨੀ ਟਕਰ ਹੋਣਗੇ। ਇਸ ਮੈਚ ਵਿੱਚ ਜੋਏਲ ਵਿਲਸਨ ਟੀਵੀ ਅੰਪਾਇਰ ਹੋਣਗੇ, ਜਦੋਂ ਕਿ ਪੌਲ ਰੀਫੇਲ ਚੌਥੇ ਅੰਪਾਇਰ ਹੋਣਗੇ। ਨਿਊਜ਼ੀਲੈਂਡ ਦੇ ਜੈਫਰੀ ਕ੍ਰੋ ਮੈਚ ਰੈਫਰੀ ਦੀ ਭੂਮਿਕਾ ਨਿਭਾਉਣਗੇ।
ਨਿਤਿਨ ਮੈਨਨ ਵੀ ਕਰਨਗੇ ਅੰਪਾਇਰਿੰਗ
ਇਸ ਦੇ ਨਾਲ ਹੀ ਦੱਖਣੀ ਅਫਰੀਕਾ ਅਤੇ ਅਫਗਾਨਿਸਤਾਨ ਵਿਚਾਲੇ ਹੋਣ ਵਾਲੇ ਪਹਿਲੇ ਸੈਮੀਫਾਈਨਲ ‘ਚ ਇੰਗਲੈਂਡ ਦੇ ਰਿਚਰਡ ਇਲਿੰਗਵਰਥ ਅਤੇ ਭਾਰਤ ਦੇ ਨਿਤਿਨ ਮੈਨਨ ਮੈਦਾਨ ‘ਤੇ ਅੰਪਾਇਰ ਹੋਣਗੇ। ਵੈਸਟਇੰਡੀਜ਼ ਦੇ ਰਿਚੀ ਰਿਚਰਡਸਨ ਨੂੰ ਇਸ ਮੈਚ ਲਈ ਮੈਚ ਰੈਫਰੀ ਨਿਯੁਕਤ ਕੀਤਾ ਗਿਆ ਹੈ।
ਪਹਿਲੇ ਸਥਾਨ ‘ਤੇ ਰਿਹੈ ਭਾਰਤ
ਭਾਰਤੀ ਟੀਮ ਟੀ-20 ਵਿਸ਼ਵ ਕੱਪ ‘ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਇਸਨੇ ਆਸਟ੍ਰੇਲੀਆ ਨੂੰ ਹਰਾ ਕੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ। ਭਾਰਤ ਇਸ ਟੂਰਨਾਮੈਂਟ ‘ਚ ਹੁਣ ਤੱਕ ਅਜੇਤੂ ਹੈ ਅਤੇ ਉਸ ਨੇ ਗਰੁੱਪ ਪੜਾਅ ਤੋਂ ਬਾਅਦ ਸੁਪਰ ਅੱਠ ‘ਚ ਵੀ ਚੋਟੀ ਦਾ ਸਥਾਨ ਹਾਸਲ ਕੀਤਾ ਹੈ।
ਦੂਜੇ ਪਾਸੇ ਇੰਗਲੈਂਡ ਨੇ ਅਮਰੀਕਾ ਨੂੰ ਹਰਾ ਕੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਸੀ। ਇਸ ਤੋਂ ਪਹਿਲਾਂ ਵੀ 2022 ਵਿੱਚ ਦੋਵੇਂ ਟੀਮਾਂ ਆਖ਼ਰੀ ਚਾਰ ਵਿੱਚ ਆਹਮੋ-ਸਾਹਮਣੇ ਹੋਈਆਂ ਸਨ, ਜਿੱਥੇ ਇੰਗਲੈਂਡ ਦੀ ਟੀਮ ਨੇ ਜਿੱਤ ਦਰਜ ਕਰ ਕੇ ਫਾਈਨਲ ਵਿੱਚ ਥਾਂ ਬਣਾਈ ਸੀ। ਭਾਰਤ ਇਸ ਹਾਰ ਦਾ ਬਦਲਾ ਲੈਣਾ ਚਾਹੇਗਾ।