• ਮਹਿਲਾ ਕਿਸਾਨ ਯੂਨੀਅਨ ਵੱਲੋਂ ਆਗਾਮੀ ਚੋਣਾਂ ਵਿੱਚ ਭਾਜਪਾ ਦੇ ਬਾਈਕਾਟ ਦਾ ਸੱਦਾ

ਜਲੰਧਰ, 3 ਮਾਰਚ – ਸੰਯੁਕਤ ਕਿਸਾਨ ਮੋਰਚਾ (ਐਸ.ਕੇ.ਐਮ.) ਦੀ ਮੈਂਬਰ ਮਹਿਲਾ ਕਿਸਾਨ ਯੂਨੀਅਨ ਨੇ ਭਾਜਪਾ ਵੱਲੋਂ ਕਾਤਲ ਟੈਨੀ ਮਿਸ਼ਰਾ ਨੂੰ ਲੋਕ ਸਭਾ ਦੀ ਟਿਕਟ ਦੇਣ ਦੇ ਫੈਸਲੇ ਦੀ ਤਿੱਖੀ ਨਿਖੇਧੀ ਕਰਦਿਆਂ ਇਸ ਕਦਮ ਉਤੇ ਡੂੰਘੀ ਨਿਰਾਸ਼ਾ ਜ਼ਾਹਰ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਫੈਸਲੇ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਸਾਨਾਂ ਦੇ ਜ਼ਖਮਾਂ ‘ਤੇ ਲੂਣ ਰਗੜਿਆ ਹੈ।
ਇੱਕ ਬਿਆਨ ਵਿੱਚ ਮਹਿਲਾ ਕਿਸਾਨ ਯੂਨੀਅਨ (ਐਮ.ਕੇ.ਯੂ.) ਦੀ ਪ੍ਰਧਾਨ ਬੀਬਾ ਰਾਜਵਿੰਦਰ ਕੌਰ ਰਾਜੂ ਨੇ ਕਿਹਾ ਕਿ ਦੇਸ਼ ਦੇ ਲੋਕ ਇਸ ਅਪਮਾਨ ਨੂੰ ਨਹੀਂ ਭੁੱਲਣਗੇ ਅਤੇ ਅਗਾਮੀ ਚੋਣਾਂ ਵਿੱਚ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਐਮ.ਕੇ.ਯੂ. ਆਉਣ ਵਾਲੀਆਂ ਚੋਣਾਂ ਵਿੱਚ ਭਾਜਪਾ ਦਾ ਮੁਕੰਮਲ ਬਾਈਕਾਟ ਕਰਨ ਦਾ ਸੱਦਾ ਦਿੰਦੀ ਹੈ।


ਮਹਿਲਾ ਕਿਸਾਨ ਆਗੂ ਨੇ ਅਫਸੋਸ ਪ੍ਰਗਟਾਇਆ ਕਿ ਟੈਨੀ ਮਿਸ਼ਰਾ ਅਤੇ ਉਸ ਦੇ ਪੁੱਤਰ ਆਸ਼ੀਸ਼ ਮਿਸ਼ਰਾ ਮਾਨਵੀ ਜੀਵਨ ਪ੍ਰਤੀ ਲਾਪ੍ਰਵਾਹ ਅਤੇ ਕਿਸਾਨਾਂ ਵਿਰੁੱਧ ਇਕਪਾਸੜ ਹਿੰਸਾ ਕਰਨ ਦਾ ਜਿਉਂਦਾ ਜਾਗਦਾ ਪ੍ਰਮਾਣ ਹਨ ਜੋ ਉੱਤਰ ਪ੍ਰਦੇਸ਼ ਵਿੱਚ ਲਖੀਮਪੁਰ ਖੀਰੀ ਘਟਨਾ ਵਿੱਚ ਦਿਨ-ਦਿਹਾੜੇ ਆਪਣੀ ਗੱਡੀ ਹੇਠਾਂ ਦਰੜ ਕੇ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਨੂੰ ਮਾਰਨ ਲਈ ਸਿੱਧੇ ਜ਼ਿੰਮੇਵਾਰ ਹਨ। ਉਸਨੇ ਕਿਹਾ ਕਿ ਕਤਲ ਦੇ ਕੇਸਾਂ ਵਿੱਚ ਸ਼ਾਮਲ ਹੋਣ ਦੇ ਬਾਵਜੂਦ, ਮਿਸ਼ਰਾ ਨੂੰ ਸੰਸਦੀ ਟਿਕਟ ਨਾਲ ਨਿਵਾਜਿਆ ਗਿਆ ਹੈ ਜੋ ਮੋਦੀ ਸਰਕਾਰ ਦੀ ਕਿਸਾਨਾਂ ਦੀਆਂ ਸਮੱਸਿਆਵਾਂ ਪ੍ਰਤੀ ਘੋਰ ਉਦਾਸੀਨਤਾ ਦਾ ਸਪੱਸ਼ਟ ਸੰਦੇਸ਼ ਹੈ।
ਬੀਬਾ ਰਾਜੂ ਨੇ ਜ਼ੋਰ ਦੇ ਕੇ ਕਿਹਾ ਕਿ ਲਖੀਮਪੁਰ ਖੀਰੀ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣਾ ਕੇਵਲ ਇੱਕ ਮੰਗ ਹੀ ਨਹੀਂ ਬਲਕਿ ਇਸ ਉੱਪਰ ਪਹਿਰਾ ਦੇਣਾ ਐਸ.ਕੇ.ਐਮ. ਦੀ ਨੈਤਿਕ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਵਿਆਪਕ ਵਿਰੋਧ ਨੂੰ ਅਣਗੌਲੇ ਕਰਦਿਆਂ ਭਾਜਪਾ ਵੱਲੋਂ ਮਿਸ਼ਰਾ ਨੂੰ ਦੁਬਾਰਾ ਟਿਕਟ ਦੇਣ ਦਾ ਫੈਸਲਾ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਉਸਦੀ ਬੇਰੁਖੀ ਅਤੇ ਅਸੰਵੇਦਨਸ਼ੀਲਤਾ ਨੂੰ ਦਰਸਾਉਂਦਾ ਹੈ।
ਇਸ ਤੋਂ ਇਲਾਵਾ, ਬੀਬਾ ਰਾਜੂ ਨੇ ਪੰਜਾਬ ਦੀਆਂ ਸਰਹੱਦਾਂ ‘ਤੇ ਬੈਠੇ ਸ਼ਾਂਤਮਈ ਕਿਸਾਨਾਂ ਉਪਰ ਹਰਿਆਣਾ ਪੁਲਿਸ ਦੇ ਬੇਰਹਿਮ ਹਮਲਿਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਕਾਨੂੰਨ ਅਤੇ ਵਿਵਸਥਾ ਨਾਲ ਨਜਿੱਠਣ ਲਈ ਮੋਦੀ ਸਰਕਾਰ ਤੇ ਉਸ ਦੀਆਂ “ਡਬਲ ਇੰਜਣ” ਸਰਕਾਰਾਂ ਦੋਹਰੇ ਮਾਪਦੰਡ ਅਪਣਾ ਰਹੀਆਂ ਹਨ। ਉਨਾਂ ਦਲੀਲ ਦਿੱਤੀ ਕਿ ਅਜਿਹੀਆਂ ਘਿਨਾਉਣੀਆਂ ਕਾਰਵਾਈਆਂ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹਨ ਅਤੇ ਜਨਰਲ ਮਾਈਕਲ ਓਡਵਾਇਰ ਦੁਆਰਾ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਕਤਲੇਆਮ ਵਰਗੇ ਇਤਿਹਾਸਕ ਅੱਤਿਆਚਾਰਾਂ ਦੀ ਯਾਦ ਦਿਵਾਉਂਦੀਆਂ ਹਨ।
ਉਨ੍ਹਾਂ ਸਪੱਸ਼ਟ ਕਿਹਾ ਕਿ ਮਹਿਲਾ ਕਿਸਾਨ ਯੂਨੀਅਨ ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਇੱਕਮੁੱਠ ਤੇ ਚੱਟਾਨ ਵਾਂਗ ਖੜੀ ਹੈ ਅਤੇ ਮੁਲਕ ਦੇ ਸਾਰੇ ਵੋਟਰਾਂ ਨੂੰ ਅਪੀਲ ਕਰਦੀ ਹੈ ਕਿ ਉਹ ਆਮ ਚੋਣਾਂ ਵਿੱਚ ਭਾਜਪਾ ਦੀ ਹਿੰਸਾ ਅਤੇ ਬੇਇਨਸਾਫ਼ੀ ਦੀ ਰਾਜਨੀਤੀ ਦੇ ਖਿਲਾਫ ਵੋਟ ਦੇਣ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।