ਕਿਹਾ ਕਿ ਮੁਆਫੀ ਮੰਗੇ, ਨਹੀਂ ਉਸ ਖਿਲਾਫ ਇੱਕ ਹੋਰ ਮਾਣਹਾਨੀ ਦਾ ਮੁਕੱਦਮਾ ਕਰਾਂਗੇ ਦਾਇਰ 

ਚੰਡੀਗੜ੍ਹ, 29 ਫਰਵਰੀ (ਪੰਜਾਬੀ ਖਬਰਨਾਮਾ) ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਪਰ ਲਾਏ ਦੋਸ਼ਾਂ ਨੂੰ ਸਾਬਤ ਕਰਨ ਲਈ ਕੇਸ ਦਰਜ ਕਰਨ ਜਾਂ ਕੋਰਾ ਝੂਠ ਬੋਲਣ ਲਈ ਮੁਆਫੀ ਮੰਗਣ, ਨਹੀਂ ਤਾਂ ਇੱਕ ਹੋਰ ਮਾਣਹਾਨੀ ਦੇ ਮੁਕੱਦਮੇ ਦਾ ਸਾਹਮਣਾ ਕਰਨ ਲਈ ਤਿਆਰ ਰਹੇ।

ਇੱਥੇ ਇੱਕ ਬਿਆਨ ਵਿੱਚ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਸੁਖਬੀਰ ਬਾਦਲ ਖਿਲਾਫ ਸੁਖ ਵਿਲਾਸ ਰਿਜ਼ੋਰਟ ਪਿੰਡ ਪੱਲਣਪੁਰ ਬਾਰੇ ਲਗਾਏ ਗਏ ਝੂਠੇ ਇਲਜ਼ਾਮ ਸਿਰਫ ਹਰਿਆਣਾ ਪੁਲਿਸ ਦੇ ਹੱਥੋਂ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਕਤਲ ਦੇ ਮਾਮਲੇ ਵਿੱਚ ਦਰਜ ਜ਼ੀਰੋ ਐਫਆਈਆਰ ਤੋਂ ਧਿਆਨ ਹਟਾਉਣ ਲਈ ਕੀਤੇ ਗਏ ਹਨ। 

ਇਹ ਦਾਅਵਾ ਕਰਦੇ ਹੋਏ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਮੁੱਖ ਮੰਤਰੀ ਨੂੰ ਘੇਰੇ ਜਾਣ ‘ਤੇ ਉਨ੍ਹਾਂ ਅਜਿਹੀਆਂ ਭਟਕਣ ਵਾਲੀਆਂ ਚਾਲਾਂ ਚੱਲੀਆਂ ਹਨ, ਅਕਾਲੀ ਦਲ ਦੇ ਬੁਲਾਰੇ ਨੇ ਕਿਹਾ, ਕਿ ਇਸ ਤੋਂ ਪਹਿਲਾਂ ਵੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ‘ਤੇ ਇੱਕ ਖਿਡਾਰੀ ਤੋਂ 2 ਕਰੋੜ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਲਗਾਉਣ ਲਈ ਅਜਿਹੀ ਹੀ ਪ੍ਰੈਸ ਕਾਨਫਰੰਸ ਕੀਤੀ ਸੀ ਪਰ ਉਹ ਇਸ ਮਾਮਲੇ ਵਿੱਚ ਕੇਸ ਦਰਜ ਕਰਨ ਵਿੱਚ ਅਸਫਲ ਰਿਹਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਕਈ ਮੌਕਿਆਂ ‘ਤੇ ਇਹ ਵੀ ਝੂਠ ਬੋਲਿਆ ਕਿ ਗੈਂਗਸਟਰ ਗੋਲਡੀ ਬਰਾੜ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇੱਥੋਂ ਤੱਕ ਦਾਅਵਾ ਵੀ ਕੀਤਾ ਕਿ ਬੀਐਮਡਬਲਯੂ ਕੰਪਨੀ ਪੰਜਾਬ ਵਿੱਚ ਕਾਰ ਪਲਾਂਟ ਲਗਾ ਰਹੀ ਹੈ। ਕਲੇਰ ਨੇ ਜ਼ੋਰ ਦੇ ਕੇ ਕਿਹਾ, ਕਿ ਭੱਖਦੇ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਅਜਿਹੀਆਂ ਝੂਠੀਆਂ ਗੱਲਾਂ ਬੇਸ਼ਰਮੀ ਨਾਲ ਕਹੀਆਂ ਗਈਆਂ ਸਨ ਜਿਵੇਂ ਕਿ ਅੱਜ ਵੀ ਉਹੀ ਕੀਤਾ ਗਿਆ ਹੈ।

ਮੁੱਖ ਮੰਤਰੀ ਨੂੰ ਇਹ ਪੁੱਛਦਿਆਂ ਕਿ ਉਨ੍ਹਾਂ ਦੀ ਲਾਚਾਰੀ ਕੀ ਹੈ ਅਤੇ ਉਨ੍ਹਾਂ ਵੱਲੋਂ ਲਾਏ ਗਏ ਦੋਸ਼ਾਂ ਬਾਰੇ ਕੇਸ ਦਰਜ ਕਰਨ ਦੇ ਹੁਕਮ ਕਿਉਂ ਨਹੀਂ ਦਿੱਤੇ ਗਏ, ਬੁਲਾਰੇ ਨੇ ਕਿਹਾ, ਕਿ ਵਿਜੀਲੈਂਸ ਵਿਭਾਗ ਮੁੱਖ ਮੰਤਰੀ ਕੋਲ ਹੈ। ਉਸ ਨੇ ਪਿਛਲੇ ਦੋ ਸਾਲਾਂ ਤੋਂ ਇਸ ਮਾਮਲੇ ‘ਤੇ ਕਾਰਵਾਈ ਕਿਉਂ ਨਹੀਂ ਕੀਤੀ?

ਮੁੱਖ ਮੰਤਰੀ ਨੂੰ ਜਾਂ ਤਾਂ ਕੇਸ ਦਰਜ ਕਰਨ ਜਾਂ ਅਦਾਲਤ ਵਿੱਚ ਆਪਣੀਆਂ ਝੂਠੀਆਂ ਗੱਲਾਂ ਦਾ ਜਵਾਬ ਦੇਣ ਲਈ ਤਿਆਰ ਰਹਿਣ ਲਈ ਆਖਦਿਆਂ, ਸ੍ਰੀ ਕਲੇਰ ਨੇ ਕਿਹਾ, ਕਿ ਇਸ ਕੇਸ ਵਿੱਚ ਅਸਲ ਤੱਥਾਂ ਦੇ ਅਧਾਰ ਉਤੇ ਇੱਕ ਵਿਸਥਾਰਤ ਜਵਾਬ ਕੱਲ੍ਹ ਦਿੱਤਾ ਜਾਵੇਗਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।