ਨਵੀਂ ਦਿੱਲੀ/19 ਅਪ੍ਰੈਲ  (ਪੰਜਾਬੀ ਖ਼ਬਰਨਾਮਾ): ਦੁਨੀਆ ਦੀ ਸਭ ਤੋਂ ਵੱਡੀ ਖਪਤਕਾਰ ਉਤਪਾਦ ਕੰਪਨੀ ਨੈਸਲੇ ਬਾਰੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਹ ਦੁੱਧ ਅਤੇ ਬੱਚਿਆਂ ਦੇ ਉਤਪਾਦਾਂ ਵਿੱਚ ਚੀਨੀ ਅਤੇ ਸ਼ਹਿਦ ਵਰਗੀਆਂ ਚੀਜ਼ਾਂ ਮਿਲਾ ਰਹੀ ਹੈ, ਜਦ ਕਿ ਮੋਟਾਪੇ ਅਤੇ ਗੰਭੀਰ ਬਿਮਾਰੀਆਂ ਤੋਂ ਬਚਣ ਲਈ ਜਾਰੀ ਕੌਮਾਂਤਰੀ ਮਾਪਦੰਡਾਂ ਦੇ ਇਹ ਬਿਲਕੁਲ ਉਲਟ ਹੈ।
ਨੈਸਲੇ ਵੱਲੋਂ ਗਰੀਬ ਦੇਸ਼ਾਂ ਵਿੱਚ ਵੇਚੇ ਜਾਣ ਵਾਲੇ ਬੱਚਿਆਂ ਦੇ ਦੁੱਧ ਵਿੱਚ ਉੱਚ ਮਾਤਰਾ ਵਿੱਚ ਚੀਨੀ ਮਿਲਦੀ ਹੈ, ਪਰ ਯੂਰਪ ਜਾਂ ਬਰਤਾਨੀਆ ਦੇ ਮੁੱਖ ਬਾਜ਼ਾਰਾਂ ਵਿੱਚ ਅਜਿਹਾ ਨਹੀਂ ਹੈ। ਨੈਸਲੇ ਦੇ ਦੋ ਸਭ ਤੋਂ ਵੱਧ ਵਿਕਣ ਵਾਲੇ ਬੇਬੀ ਫੂਡ ਬ੍ਰਾਂਡਾਂ ਵਿੱਚ ਖੰਡ ਦੀ ਜ਼ਿਆਦਾ ਮਾਤਰਾ ਪਾਈ ਗਈ ਹੈ, ਜਦੋਂ ਕਿ ਬਰਤਾਨੀਆ, ਜਰਮਨੀ, ਸਵਿਟਜ਼ਰਲੈਂਡ ਅਤੇ ਹੋਰ ਵਿਕਸਤ ਦੇਸ਼ਾਂ ਵਿੱਚ ਇਹੀ ਉਤਪਾਦ ਬਿਨਾਂ ਖੰਡ ਦੇ ਵੇਚੇ ਜਾ ਰਹੇ ਹਨ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨੈਸਲੇ ਮੋਟਾਪੇ ਅਤੇ ਗੰਭੀਰ ਬਿਮਾਰੀਆਂ ਨੂੰ ਰੋਕਣ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਉਲਟ ਦੁੱਧ ਅਤੇ ਬੇਬੀ ਉਤਪਾਦਾਂ ਵਿੱਚ ਖੰਡ ਅਤੇ ਸ਼ਹਿਦ ਮਿਲਾ ਰਿਹਾ ਹੈ। ਰਿਪੋਰਟ ਮੁਤਾਬਕ ਭਾਰਤ ’ਚ ਵਿਕਣ ਵਾਲੇ ਨੈਸਲੇ ਦੇ ਬੱਚਿਆਂ ਦੇ ਉਤਪਾਦਾਂ ਦੀ ਹਰ ਸਰਵਿੰਗ ’ਚ ਲਗਭਗ 3 ਗ੍ਰਾਮ ਖੰਡ ਹੈ।
ਕੰਪਨੀ ਵੱਲੋਂ ਪੈਕੇਟ ’ਤੇ ਖੰਡ ਦੀ ਇਸ ਮਾਤਰਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਰਮਨੀ, ਫਰਾਂਸ ਅਤੇ ਬਰਤਾਨੀਆ ਵਿੱਚ ਨੈਸਲੇ ਦੁਆਰਾ ਵੇਚੇ ਗਏ ਛੇ ਮਹੀਨੇ ਦੇ ਬੱਚਿਆਂ ਲਈ ਸੇਰੇਲੈਕ ਕਣਕ-ਅਧਾਰਤ ਅਨਾਜ ਵਿੱਚ ਖੰਡ ਨਹੀਂ ਮਿਲੀ, ਜਦੋਂ ਕਿ ਇਥੋਪੀਆ ਵਿੱਚ ਇੱਕੋ ਉਤਪਾਦ ਵਿੱਚ 5 ਗ੍ਰਾਮ ਖੰਡ ਸੀ ਤੇ ਥਾਈਲੈਂਡ ਵਿੱਚ 6 ਗ੍ਰਾਮ ਤੋਂ ਵੱਧ ਖੰਡ ਸੀ। ਸਾਲ 2022 ’ਚ ਵਿਸ਼ਵ ਸਿਹਤ ਸੰਗਠਨ ਨੇ ਬੱਚਿਆਂ ਦੀ ਖੁਰਾਕ ਵਿੱਚ ਖੰਡ ਮਿਲਾਉਣ ’ਤੇ ਪਾਬੰਦੀ ਲਾਉਣ ਲਈ ਕਿਹਾ ਸੀ। ਰਿਪੋਰਟ ਦੇ ਜਵਾਬ ਵਿੱਚ ਨੈਸਲੇ ਇੰਡੀਆ ਦੇ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਕਿ 5 ਸਾਲਾਂ ਵਿੱਚ ਨੈਸਲੇ ਇੰਡੀਆ ਨੇ ਬਾਲ ਅਨਾਜ ਪੋਰਟਫੋਲੀਓ ਵਿੱਚ ਸ਼ਾਮਲ ਕੀਤੀ ਚੀਨੀ ਦੀ ਮਾਤਰਾ ਨੂੰ 30% ਤੱਕ ਘਟਾ ਦਿੱਤਾ ਹੈ। ਕੰਪਨੀ ਅੱਗੇ ਵੀ ਆਪਣੇ ਉਤਪਾਦਾਂ ਵਿੱਚ ਸੁਧਾਰ ਜਾਰੀ ਰੱਖੇਗੀ।
ਉਧਰ ਨੈਸਲੇ ਨੇ ਕਿਹਾ ਕਿ ਅਸੀਂ ਆਪਣੇ ਖਪਤਕਾਰਾਂ ਨੂੰ ਸਭ ਤੋਂ ਵਧੀਆ ਪੋਸ਼ਣ ਪ੍ਰਦਾਨ ਕਰਨ ਲਈ ਵਚਨਬੱਧ ਹਾਂ, ਜੋ ਅਸੀਂ 100 ਸਾਲਾਂ ਤੋਂ ਕਰਦੇ ਆ ਰਹੇ ਹਾਂ। ਅਸੀਂ ਹਮੇਸ਼ਾ ਆਪਣੇ ਉਤਪਾਦਾਂ ਵਿਚ ਪੋਸ਼ਣ, ਗੁਣਵੱਤਾ ਅਤੇ ਸੁਰੱਖਿਆ ਦੇ ਉੱਚੇ ਮਾਪਦੰਡਾਂ ਨੂੰ ਕਾਇਮ ਰੱਖਾਂਗੇ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

error: Content is protected !!