ਗੁਰਦਾਸਪੁਰ, 31 ਮਾਰਚ (ਪੰਜਾਬੀ ਖ਼ਬਰਨਾਮਾ): ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਵਿਸ਼ੇਸ਼ ਕੰਟਰੋਲ ਰੂਮ ਦੀ ਸਥਾਪਨਾ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਜਸਵਿੰਦਰ ਸਿੰਘ ਵਿਰਦੀ, ਡਿਪਟੀ ਚੀਫ਼ ਇੰਜੀਨੀਅਰ, ਸੰਚਾਲਨ ਹਲਕਾ ਪਾਵਰਕਾਮ, ਗੁਰਦਾਸਪੁਰ ਨੇ ਦੱਸਿਆ ਕਿ ਬਿਜਲੀ ਦੀਆਂ ਢਿੱਲੀਆਂ, ਨੀਵੀਂਆਂ ਤਾਰਾਂ ਅਤੇ ਜੀ.ਓ. ਸਵਿੱਚਾਂ ਆਦਿ ਤੋਂ ਸਪਾਰਕਿੰਗ ਨਾਲ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਸੂਚਨਾ ਤੁਰੰਤ ਪਾਵਰਕਾਮ ਦੇ ਨੇੜੇ ਦੇ ਉਪ ਮੰਡਲ ਦਫ਼ਤਰ, ਸ਼ਿਕਾਇਤ ਘਰ ਦੇ ਨਾਲ-ਨਾਲ ਕੰਟਰੋਲ ਰੂਮ ਦੇ ਨੰਬਰਾਂ 96461-06835, 96461-06836 ਜਾਂ 1912 ਉੱਪਰ ਦਿੱਤੀ ਜਾ ਸਕਦੀ ਹੈ ਤਾਂ ਜੋ ਇਨ੍ਹਾਂ ਬਿਜਲੀ ਦੀਆਂ ਲਾਈਨਾਂ, ਤਾਰਾਂ ਦੀ ਸਮੇਂ ਸਿਰ ਦਰੁਸਤੀ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਬਿਜਲੀ ਦੀਆਂ ਢਿੱਲੀਆਂ ਜਾਂ ਨੀਵੀਂਆਂ ਤਾਰਾਂ ਜਾਂ ਸਪਾਰਕਿੰਗ ਦੀਆਂ ਤਸਵੀਰਾਂ ਸਮੇਤ ਲੋਕੇਸ਼ਨ ਪਾਵਰਕਾਮ ਦੇ ਕੰਟਰੋਲ ਰੂਮ ਦੇ ਵਟਸਐੱਪ ਨੰਬਰ 96461-06836 ਉੱਪਰ ਭੇਜੀਆਂ ਜਾ ਸਕਦੀਆਂ ਹਨ।ਡਿਪਟੀ ਚੀਫ਼ ਇੰਜੀਨੀਅਰ, ਸ੍ਰੀ ਜਸਵਿੰਦਰ ਸਿੰਘ ਵਿਰਦੀ ਨੇ ਕਿਹਾ ਕਿ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਕਿਸਾਨਾਂ ਨੂੰ ਵੀ ਸਾਵਧਾਨੀ ਵਰਤਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੱਟੀ ਹੋਈ ਕਣਕ ਬਿਜਲੀ ਦੀਆਂ ਤਾਰਾਂ ਦੇ ਹੇਠਾਂ ਜਾਂ ਟਰਾਂਸਫ਼ਾਰਮਰ ਅਤੇ ਜੀ.ਓ. ਸਵਿੱਚ ਦੇ ਨਜ਼ਦੀਕ ਨਾ ਰੱਖੀ ਜਾਵੇ। ਟਰਾਂਸਫ਼ਾਰਮਰ ਦੇ ਆਲੇ-ਦੁਆਲੇ ਦੀ ਇੱਕ ਮਰਲਾ ਕਣਕ ਪਹਿਲਾਂ ਹੀ ਕੱਟ ਲਈ ਜਾਵੇ।  ਖੇਤਾਂ ਵਿੱਚ ਲੱਗੇ ਟਰਾਂਸਫ਼ਾਰਮਰ ਦੇ ਆਲੇ-ਦੁਆਲੇ ਦੇ 10 ਮੀਟਰ ਦੇ ਘੇਰੇ ਨੂੰ ਗਿੱਲਾ ਰੱਖਿਆ ਜਾਵੇ ਤਾਂ ਕਿ ਜੇਕਰ ਕੋਈ ਚੰਗਿਆੜੀ ਡਿਗ ਵੀ ਜਾਵੇ ਤਾਂ ਉਸ ਨਾਲ ਅੱਗ ਲੱਗਣ ਤੋਂ ਬਚਾਅ ਹੋ ਸਕੇ।  ਉਨ੍ਹਾਂ ਕਿਹਾ ਕਿ ਕਣਕ ਦੇ ਨੇੜੇ ਬੀੜੀ/ਸਿਗਰਟ ਦੀ ਵਰਤੋਂ ਨਾ ਕੀਤੀ ਜਾਵੇ। ਬਾਂਸ ਜਾਂ ਸੋਟੀ ਨਾਲ ਬਿਜਲੀ ਦੀ ਲਾਈਨ ਨੂੰ ਨਾ ਛੇੜਿਆ ਜਾਵੇ। ਹਾਰਵੈਸਟਰ ਕੰਬਾਈਨ ਸਿਰਫ਼ ਦਿਨ ਵੇਲੇ ਹੀ ਚਲਾਈ ਜਾਵੇ। ਹਾਰਵੈਸਟਰ ਕੰਬਾਈਨ ਦੇ ਪੁਰਜ਼ਿਆਂ ਤੋਂ ਨਿਕਲਣ ਵਾਲੀਆਂ ਚੰਗਿਆੜੀਆਂ ‘ਤੇ ਧਿਆਨ ਰੱਖਿਆ ਜਾਵੇ। ਹਾਰਵੈਸਟਰ ਕੰਬਾਈਨ ਖੰਭਿਆਂ, ਬਿਜਲੀ ਦੀਆਂ ਤਾਰਾਂ ਅਤੇ ਖਿੱਚਾਂ ਨਾਲ ਨਹੀਂ ਟਕਰਾਉਣੀ ਚਾਹੀਦੀ। ਕਣਕ ਨੂੰ ਅੱਗ ਤੋਂ ਬਚਾਉਣ ਲਈ ਸ਼ਰਾਰਤੀ ਅਨਸਰਾਂ ‘ਤੇ ਵੀ ਨਿਗਰਾਨੀ ਰੱਖੀ ਜਾਵੇ। 

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

error: Content is protected !!